8 ਸਾਲਾ ਮਾਸੂਮ ਨਾਲ ਜਬਰ-ਜ਼ਨਾਹ, ਦੋਸ਼ੀ ਫਰਾਰ

07/17/2018 6:21:27 AM

ਡੇਹਲੋਂ (ਡਾ. ਪ੍ਰਦੀਪ)-ਦਰਿੰਦਗੀ ਦੀਆਂ ਸਾਰੀਆਂ ਹੱਦਾਂ ਟੱਪਦਿਆਂ ਇਕ ਵਹਿਸ਼ੀ ਦਰਿੰਦੇ ਵਲੋਂ 8 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਘਟਨਾ ਥਾਣਾ ਡੇਹਲੋਂ ਦੇ ਇਲਾਕੇ ਦੀ ਹੈ। ਇਸ ਸਬੰਧੀ ਡੇਹਲੋਂ ਦੇ ਥਾਣਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਉਹ ਪ੍ਰਵਾਸੀ ਮਜ਼ਦੂਰ ਹੈ ਅਤੇ ਉਸਦੇ ਤਿੰਨ ਬੱਚੇ, ਦੋ ਲੜਕੇ ਤੇ ਇਕ 8 ਸਾਲ ਦੀ ਲੜਕੀ ਹੈ ਅਤੇ ਅੱਜ ਸਵੇਰੇ 5 ਕੁ ਵਜੇ ਜਦੋਂ ਉਹ ਅਤੇ ਉਸਦੀ ਘਰਵਾਲੀ ਪਲਾਟ 'ਚ ਬਣੀ ਫੈਕਟਰੀ 'ਚ ਇੰਟਰਲਾਕ ਟਾਈਲਾਂ ਬਣਾਉਣ ਚਲੇ ਗਏ ਤਾਂ ਉਸ ਸਮੇਂ ਪਲਾਟ ਦੇ ਮੇਨ ਗੇਟ ਨੂੰ ਅੰਦਰੋਂ ਤਾਲਾ ਲੱਗਿਆ ਹੋਇਆ ਸੀ ਅਤੇ ਉਸਦੇ ਤਿੰਨੋਂ ਬੱਚੇ ਕਮਰੇ ਦੇ ਬਾਹਰ ਸੁੱਤੇ ਪਏ ਸਨ । ਉਸਨੇ ਦੱਸਿਆ ਕਿ ਕੁਝ ਚਿਰ ਬਾਅਦ ਹੀ ਉਨ੍ਹਾਂ ਨੂੰ ਲੜਕੇ ਅਤੇ ਲੜਕੀ ਦੀਆਂ ਚੀਕਾਂ ਸੁਣਾਈ ਦਿੱਤੀਆਂ ਤਾਂ ਉਹ ਅਤੇ ਉਸਦੀ ਪਤਨੀ ਇਕਦਮ ਬੱਚਿਆਂ ਵੱਲ ਭੱਜੇ। ਉਨ੍ਹਾਂ ਦੇਖਿਆ ਕਿ ਇੱਕ ਅਣਪਛਾਤਾ ਵਿਅਕਤੀ ਪਲਾਟ ਦੀ ਕੰਧ ਟੱਪ ਕੇ ਬਾਹਰ ਵੱਲ ਭੱਜ ਗਿਆ ਅਤੇ ਜਦੋਂ ਉਹ ਬੱਚਿਆਂ ਕੋਲ ਗਏ ਤਾਂ ਦੇਖਿਆ ਕਿ ਲੜਕੀ ਮੰਜੇ 'ਤੇ ਖੂਨ ਨਾਲ ਲੱਥਪੱਥ ਉੱਚੀ-ਉੱਚੀ ਰੋ ਰਹੀ ਸੀ। ਉਨ੍ਹਾਂ ਦੇ ਵੱਡੇ 10 ਸਾਲਾ ਲੜਕੇ ਨੇ ਦੱਸਿਆ ਕਿ ਕੰਧ ਟੱਪ ਕੇ ਭੱਜਣ ਵਾਲੇ ਵਿਅਕਤੀ ਨੇ ਲੜਕੀ ਨਾਲ ਜ਼ਬਰਦਸਤੀ ਕੀਤੀ ਹੈ। ਜਿਸ 'ਤੇ ਉਨ੍ਹਾਂ ਨੇ ਆਪਣੇ ਮਾਲਕ ਨੂੰ ਬੁਲਾਇਆ ਅਤੇ ਲੜਕੀ ਨੂੰ ਸਿਵਲ ਹਸਪਤਾਲ ਡੇਹਲੋਂ ਵਿਖੇ ਦਾਖਲ ਕਰਵਾਇਆ, ਜਿੱਥੋਂ ਬਾਅਦ ਦੁਪਹਿਰ ਲੜਕੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਡੇਹਲੋਂ ਦੇ ਥਾਣਾ ਮੁਖੀ ਨੇ ਦੱਸਿਆ ਕਿ ਥਾਣਾ ਡੇਹਲੋਂ ਵਿਖੇ ਲੜਕੀ ਦੇ ਪਿਤਾ ਦੇ ਬਿਆਨਾਂ 'ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ ਅਤੇ ਪੁਲਸ ਵਲੋਂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ।