''ਬਾਪੂ'' ਬਾਰੇ ਫੈਸਲਾ ''ਮੋਦੀ'' ਨੂੰ ਕਰੇਗਾ ਪ੍ਰਭਾਵਿਤ?

04/26/2018 6:09:09 AM

ਲੁਧਿਆਣਾ(ਮੁੱਲਾਂਪੁਰੀ)-ਦੇਸ਼ ਵਿਚ ਅੱਜ ਤੋਂ 5 ਸਾਲ ਪਹਿਲਾਂ ਸਾਧਵੀਆਂ ਨਾਲ ਜਬਰ-ਜ਼ਨਾਹ ਤੇ ਛੇੜਛਾੜ ਮਾਮਲੇ ਵਿਚ ਗ੍ਰਿਫਤਾਰ ਬਾਪੂ ਆਸਾ ਰਾਮ ਨੂੰ ਅੱਜ ਮਾਣਯੋਗ ਅਦਾਲਤ ਨੇ ਸਖਤ ਸਜ਼ਾ ਸੁਣਾ ਕੇ ਉਸ ਦੀ ਰਿਹਾਈ ਸਬੰਧੀ ਜਾਂ ਘੱਟ ਸਜ਼ਾ ਦੀਆਂ ਕਿਆਸ-ਅਰਾਈਆਂ 'ਤੇ ਪਾਣੀ ਫੇਰ ਦਿੱਤਾ ਹੈ। ਬਾਪੂ ਆਸਾ ਰਾਮ ਦੇ ਦੇਸ਼ ਵਿਚ ਕਰੋੜਾਂ ਭਗਤ ਹਨ, ਜਿਨ੍ਹਾਂ ਨੇ ਆਪਣੇ ਬਾਪੂ ਆਸਾ ਰਾਮ ਦੀ ਗ੍ਰਿਫਤਾਰੀ ਮੌਕੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਮੌਕੇ ਸਰਕਾਰ ਦਾ ਪਿੱਟ ਸਿਆਪਾ ਤੇ ਸਬਕ ਸਿਖਾਉਣ ਦੀ ਗੱਲ ਆਖੀ ਸੀ, ਜਿਸ ਕਾਰਨ 2014 ਵਿਚ ਡਾਕਟਰ ਮਨਮੋਹਨ ਸਿੰਘ ਸਰਕਾਰ ਦਾ ਦੇਸ਼ ਵਿਚ ਸੂਪੜਾ ਸਾਫ ਹੋ ਗਿਆ ਸੀ। ਹੁਣ ਸਿਆਸੀ ਤੇ ਧਾਰਮਕ ਗਲਿਆਰਿਆਂ ਵਿਚ ਚਰਚਾ ਸੀ ਕਿ ਬਾਪੂ ਲਈ ਕੋਈ ਐਸਾ ਫੈਸਲਾ ਆਵੇਗਾ ਜੋ ਉਸ ਲਈ ਰਾਹਤ ਜਾਂ ਸਜ਼ਾ ਘੱਟ ਕਰੇਗਾ ਪਰ ਮਾਣਯੋਗ ਹਾਈ ਕੋਰਟ ਨੇ ਸਖਤ ਫੈਸਲਾ ਸੁਣਾ ਕੇ ਜੋ ਆਪਣੀ ਮੋਹਰ ਲਾਈ ਹੈ ਉਸ ਨਾਲ ਹੁਣ ਆਮ ਲੋਕ ਚਰਚਾ ਕਰ ਰਹੇ ਹਨ ਕਿ ਅਦਾਲਤ ਦਾ ਫੈਸਲਾ ਸਹੀ ਹੈ, ਜਦੋਂਕਿ ਬਾਪੂ ਦੇ ਚੇਲੇ ਤੇ ਪੈਰੋਕਾਰਾਂ ਨੂੰ ਇਹ ਫੈਸਲਾ ਕਿਸੇ ਕੀਮਤ 'ਤੇ ਹਜ਼ਮ ਨਹੀਂ ਹੋਵੇਗਾ, ਜਿਸ ਕਾਰਨ ਹੁਣ ਇਹ ਚੇਲੇ ਵੀ ਕਿਧਰੇ 2014 ਵਾਂਗ ਭਰੇ ਪੀਤੇ ਸਾਰਾ ਗੁੱਸਾ ਮੋਦੀ ਸਰਕਾਰ 'ਤੇ ਕੱਢ ਕੇ ਡਾ. ਮਨਮੋਹਨ ਸਿੰਘ ਸਰਕਾਰ ਵਾਂਗ ਮੋਦੀ ਸਰਕਾਰ ਦਾ ਸੂਪੜਾ ਹੀ ਨਾ ਸਾਫ ਕਰ ਦੇਣ।