ਔਰਤ ਨੇ ਐੱਸ. ਆਈ. ''ਤੇ ਲਾਇਆ ਜਬਰ-ਜ਼ਨਾਹ ਦਾ ਦੋਸ਼

04/26/2018 5:31:00 AM

ਲੁਧਿਆਣਾ(ਰਿਸ਼ੀ)-ਸਥਾਨਕ ਇਲਾਕੇ ਦੀ ਇਕ ਅਧੇੜ ਔਰਤ ਨੇ ਪਟਿਆਲਾ ਪੁਲਸ ਦੇ ਐੱਸ. ਆਈ. 'ਤੇ ਗੰਨ ਪੁਆਇੰਟ 'ਤੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਔਰਤ ਦਾ ਦੋਸ਼ ਹੈ ਕਿ ਐੱਸ. ਆਈ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਜਬਰ-ਜ਼ਨਾਹ ਕੀਤਾ ਜਦਕਿ ਉਨ੍ਹਾਂ ਦੇ ਤੀਸਰੇ ਸਾਥੀ ਨੇ ਵੀਡੀਓ ਬਣਾਈ। ਪਹਿਲਾਂ ਉਹ ਘਬਰਾ ਗਈ ਪਰ ਬਾਅਦ ਵਿਚ ਇਸ ਮਾਮਲੇ 'ਚ ਪੁਲਸ ਨੂੰ ਸ਼ਿਕਾਇਤ ਦਿੱਤੀ ਪਰ ਕਿਸੇ ਪ੍ਰਕਾਰ ਦੀ ਕੋਈ ਕਾਰਵਾਈ ਨਾ ਹੋਣ 'ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਔਰਤ ਦਾ ਦੋਸ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਹੋਣ ਦੇ ਬਾਵਜੂਦ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਅੱਜ ਉਹ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋਈ ਹੈ। ਜਾਣਕਾਰੀ ਦਿੰਦੇ ਔਰਤ ਨੇ ਦੱਸਿਆ ਕਿ ਉਸਦਾ ਚੇਨਈ ਦੇ ਰਹਿਣ ਵਾਲੇ ਦੋ ਲੋਕਾਂ ਦੇ ਡੇਢ ਲੱਖ ਰੁਪਏ ਦੇਣੇ ਹਨ। ਉਕਤ ਲੋਕਾਂ ਦਾ ਇਕ ਰਿਸ਼ਤੇਦਾਰ ਪਟਿਆਲਾ ਪੁਲਸ 'ਚ ਐੱਸ. ਆਈ. ਹੈ। 16 ਦਸੰਬਰ 2016 ਨੂੰ ਉਹ ਘਰ ਇਕੱਲੀ ਸੀ, ਪਤੀ ਅਤੇ ਬੇਟਾ ਕੰਮ 'ਤੇ ਗਏ ਸਨ। ਦੁਪਹਿਰ ਲਗਭਗ 12 ਵਜੇ ਤਿੰਨ ਲੋਕ ਉਨ੍ਹਾਂ ਦੇ ਘਰ ਆਏ ਅਤੇ ਬੇਟੇ ਦੇ ਬਾਰੇ ਪੁੱਛਣ ਲੱਗੇ। ਬੇਟੇ ਨਾਲ ਫੋਨ 'ਤੇ ਗੱਲ ਕਰਨ 'ਤੇ 2 ਘੰਟਿਆਂ 'ਚ ਆਉਣ ਦੀ ਗੱਲ ਕਹੀ। ਤਦ ਐੱਸ. ਆਈ. ਨੇ ਆਪਣੀ ਰਿਵਾਲਵਰ ਕੱਢ ਲਈ ਅਤੇ ਆਪਣੇ ਇਕ ਸਾਥੀ ਦੇ ਨਾਲ ਮਿਲ ਕੇ ਜਬਰ-ਜ਼ਨਾਹ ਕੀਤਾ ਅਤੇ ਤੀਜੇ ਨੇ ਅਸ਼ਲੀਲ ਵੀਡੀਓ ਬਣਾਈ। ਜਿਸਦੇ ਬਾਅਦ ਉਸਦੇ ਖਾਲੀ ਕਾਗਜ਼ਾਤਾਂ 'ਤੇ ਹਸਤਾਖਰ ਲਏ। ਜਦ ਉਸਦਾ ਬੇਟਾ ਘਰ ਆਇਆ ਤਾਂ ਉਸ ਨਾਲ ਕੁੱਟ-ਮਾਰ ਕਰ ਕੇ ਸਾਰੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਝੂਠੀ ਸ਼ਿਕਾਇਤ ਦੇ ਕੇ ਕੀਤਾ ਜਾ ਰਿਹਾ ਗੁੰਮਰਾਹ 
ਏ. ਸੀ. ਪੀ. ਸਾਊਥ ਧਰਮਪਾਲ ਨਾਲ ਗੱਲ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਹਾਈ ਕੋਰਟ ਵਲੋਂ ਦਿੱਤੇ ਨਿਰਦੇਸ਼ਾਂ ਦੇ ਬਾਅਦ ਉਨ੍ਹਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਔਰਤ ਵਲੋਂ ਝੂਠੇ ਦੋਸ਼ ਲਾ ਕੇ ਦੂਜੇ ਪੱਖ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਅਸਲ ਵਿਚ ਜਬਰ-ਜ਼ਨਾਹ ਦੀ ਕੋਈ ਵੀ ਗੱਲ ਜਾਂਚ 'ਚ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਵਲੋਂ ਰਿਪੋਰਟ ਬਣਾ ਕੇ ਭੇਜੀ ਗਈ ਹੈ।