ਲੜਕੀ ਨਾਲ ਜਬਰ-ਜ਼ਨਾਹ ਤੇ ਬਲੈਕਮੇਲ ਕਰਨ ਦਾ ਦੋਸ਼

04/15/2018 3:34:36 AM

ਲੁਧਿਆਣਾ(ਮਹੇਸ਼)-22 ਸਾਲਾ ਇਕ ਲੜਕੀ ਨੂੰ ਬਹਾਨੇ ਨਾਲ ਘਰ ਬੁਲਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਤੇ ਅਸ਼ਲੀਲ ਤਸਵੀਰਾਂ ਖਿੱਚ ਕੇ ਬਲੈਕਮੇਲ ਕਰਨ ਦੇ ਦੋਸ਼ ਵਿਚ ਡਾਬਾ ਪੁਲਸ ਨੇ ਪ੍ਰੀਤ ਨਗਰ ਦੇ ਸੇਫ ਅਲੀ ਖਿਲਾਫ ਕੇਸ ਦਰਜ ਕੀਤਾ ਹੈ, ਜਿਸਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਬੀ. ਏ. ਸੈਕਿੰਡ ਈਯਰ ਦੀ ਵਿਦਿਆਰਥਣ ਹੈ। ਦੋਸ਼ੀ ਅਤੇ ਪੀੜਤਾ ਕਿਸੇ ਸਮੇਂ ਇਕੱਠੇ ਪੜ੍ਹਦੇ ਸਨ। ਜਿਸ ਕਾਰਨ ਉਨ੍ਹਾਂ ਵਿਚ ਜਾਣ-ਪਛਾਣ ਸੀ। ਉਨ੍ਹਾਂ ਦਾ ਇਕ ਦੂਸਰੇ ਦੇ ਘਰ ਆਉਣਾ ਜਾਣਾ ਸੀ।
ਅਲੀ 'ਤੇ ਦੋਸ਼ ਹੈ ਕਿ ਇਕ ਦਿਨ ਉਸ ਨੇ ਪੀੜਤਾ ਨੂੰ ਬਹਾਨੇ ਨਾਲ ਆਪਣੇ ਘਰ ਬੁਲਾਇਆ ਅਤੇ ਉਸਦੀ ਮਰਜ਼ੀ ਦੇ ਬਿਨ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਦੌਰਾਨ ਦੋਸ਼ੀ ਨੇ ਕਥਿਤ ਤੌਰ 'ਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ। ਤਸਵੀਰਾਂ ਦਿਖਾ ਕੇ ਦੋਸ਼ੀ ਨੇ ਇਕ ਵਾਰ ਫਿਰ ਉਸਦਾ ਸਰੀਰਿਕ ਸ਼ੋਸ਼ਣ ਕੀਤਾ। ਇਸ ਦੇ ਬਾਅਦ ਦੋਸ਼ੀ ਖੱਲ੍ਹੇਆਮ ਗੁੰਡਾਗਰਦੀ 'ਤੇ ਉਤਰ ਆਇਆ। ਉਸ ਤੋਂ ਜ਼ਬਰਦਸਤੀ ਗਿਫਟ ਮੰਗਣ ਲੱਗਾ, ਨਾ ਦੇਣ 'ਤੇ ਉਸ ਨੂੰ ਆਪਣੇ ਭਾਈਚਾਰੇ ਦੀ ਧਮਕੀ ਦਿੰਦਾ ਅਤੇ ਉਸ ਦੀ ਕੁੱਟ-ਮਾਰ ਕਰਨ ਲੱਗਾ। ਪਹਿਲਾਂ ਤਾਂ ਪੀੜਤਾ ਆਪਣੀ ਅਤੇ ਆਪਣੇ ਪਰਿਵਾਰ ਦੀ ਇੱਜ਼ਤ ਨੂੰ ਦੇਖਦੀ ਹੋਈ ਉਸਦਾ ਹਰ ਜ਼ੁਲਮ ਬਰਦਾਸ਼ਤ ਕਰਦੀ ਰਹੀ ਪਰ ਹੁਣ ਦੋਸ਼ੀ ਦੀਆਂ ਕਰਤੂਤਾਂ ਉਸ ਦੀ ਸਹਿਣ ਸ਼ਕਤੀ ਤੋਂ ਬਾਹਰ ਹੋ ਗਈਆਂ ਤਾਂ ਉਸਨੇ ਆਪਣੇ ਪਿਤਾ ਨੂੰ ਸਾਰੀ ਹੱਡਬੀਤੀ ਦੱਸੀ। ਜਿਸ ਨੇ ਆਪਣੀ ਬੇਟੀ ਨੂੰ ਹੌਸਲਾ ਦਿੱਤਾ ਅਤੇ ਸ਼ਿਕਾਇਤ ਦਰਜ ਕਰਵਾਉਣ ਲਈ ਪੁਲਸ ਕੋਲ ਲੈ ਕੇ ਪਹੁੰਚ ਗਿਆ। ਮਾਮਲਾ ਜਦੋਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਤੁਰੰਤ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਗੁਰਬਿੰਦਰ ਨੇ ਦੱਸਿਆ ਕਿ ਦੋਸ਼ੀ ਦੀ ਭਾਲ ਵਿਚ ਉਸਦੇ ਸੰਭਾਵਿਤ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਉਹ ਸਲਾਖਾਂ ਪਿੱਛੇ ਹੋਵੇਗਾ।