85 ਸਾਲਾ ਔਰਤ ਨਾਲ ਨਸ਼ੇੜੀ ਨੇ ਕੀਤਾ ਜਬਰ-ਜ਼ਨਾਹ, ਗ੍ਰਿਫਤਾਰ

03/18/2018 7:04:07 AM

ਮਲਸੀਆਂ(ਤ੍ਰੇਹਨ, ਮਰਵਾਹਾ)–ਨਸ਼ੇ 'ਚ ਧੁੱਤ ਨੌਜਵਾਨ ਵਲੋਂ 85 ਸਾਲਾ ਔਰਤ ਨਾਲ ਜਬਰ-ਜ਼ਨਾਹ ਕਰਨ ਦੀ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ। ਮੁਲਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਚੌਕੀ ਇੰਚਾਰਜ ਰਛਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਕੋਟਲੀ ਗਾਜਰਾਂ ਦੀ ਬਜ਼ੁਰਗ ਔਰਤ ਦਾਰੂ ਪਤਨੀ ਪ੍ਰਕਾਸ਼ ਸਿੰਘ ਘਰ 'ਚ ਇਕੱਲੀ ਸੀ, ਉਸ ਦਾ ਪੁੱਤਰ ਬੂਟਾ ਰਾਮ ਅਤੇ ਨੂੰਹ ਬਲਵੀਰ ਕੌਰ ਕੰਮ 'ਤੇ ਤੇ ਬੱਚੇ ਸਕੂਲ ਗਏ ਹੋਏ ਸਨ। ਸਵੇਰੇ ਕਰੀਬ 10 ਵਜੇ ਉਸ ਦੀ ਨੂੰਹ ਬਲਵੀਰ ਕੌਰ ਅਚਾਨਕ ਘਰ ਆਈ ਤਾਂ ਪਿੰਡ ਦਾ ਹੀ ਇਕ ਨੌਜਵਾਨ ਲਖਵੀਰ ਰਾਮ ਉਰਫ ਫੀਰਾ ਪੁੱਤਰ ਬੱਗਾ ਰਾਮ ਉਸ ਦੀ 85 ਸਾਲਾ ਸੱਸ ਨਾਲ ਜਬਰ-ਜ਼ਨਾਹ ਕਰ ਰਿਹਾ ਸੀ। ਉਸ ਦੇ ਰੌਲਾ ਪਾਉਣ 'ਤੇ ਲੋਕਾਂ ਨੂੰ ਇਕੱਠਿਆਂ ਹੁੰਦਾ ਦੇਖ ਮੁਲਜ਼ਮ ਲਖਬੀਰ ਰਾਮ ਮੌਕੇ ਤੋਂ ਭੱਜ ਗਿਆ। ਬਲਵੀਰ ਕੌਰ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਚੌਕੀ ਮਲਸੀਆਂ ਵਿਖੇ ਦਿੱਤੀ। ਪੁਲਸ ਨੇ ਬਲਵੀਰ ਕੌਰ ਦੇ ਬਿਆਨਾਂ 'ਤੇ ਮੁਲਜ਼ਮ ਲਖਵੀਰ ਰਾਮ ਖਿਲਾਫ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਉਕਤ ਸ਼ਰਮਨਾਕ ਕਾਰਾ ਕਰਦੇ ਸਮੇਂ ਸ਼ਰਾਬ ਪੀਤੀ ਹੋਈ ਸੀ। ਰਛਪਾਲ ਸਿੰਘ ਨੇ ਦੱਸਿਆ ਕਿ ਪੀੜਤਾ ਦੇ ਮੈਡੀਕਲ ਲਈ ਮਹਿਲਾ ਪੁਲਸ ਦੀ ਭੁਪਿੰਦਰ ਕੌਰ ਵੱਲੋਂ ਸਿਵਲ ਹਸਪਤਾਲ ਵਿਖੇ ਦਰਖਾਸਤ ਦਿੱਤੀ ਗਈ ਸੀ, ਜਿਸ 'ਤੇ ਡਾਕਟਰਾਂ ਨੇ ਬਜ਼ੁਰਗ ਨੂੰ ਮੈਡੀਕਲ ਲਈ ਅਨਫਿੱਟ ਕਰਾਰ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਸ 'ਤੇ ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਹੈ।