ਥਾਣੇਦਾਰ ਵੱਲੋਂ ਸ਼ਰਾਬ ਸਮੱਗਲਿੰਗ ਦੇ ਨਾਂ ''ਤੇ ਔਰਤ ਨਾਲ ਜਬਰ-ਜ਼ਨਾਹ

11/22/2017 3:38:49 AM

ਬਠਿੰਡਾ(ਵਰਮਾ)-ਐਕਸਾਈਜ਼ ਵਿਭਾਗ ਵਿਚ ਤਾਇਨਾਤ ਇਕ ਥਾਣੇਦਾਰ 'ਤੇ ਠੇਕੇਦਾਰ ਦੇ ਕਰਿੰਦਿਆਂ ਦੀ ਸਹਾਇਤਾ ਨਾਲ ਇਕ ਔਰਤ ਦੇ ਘਰ ਵਿਚ ਜਬਰੀ ਦਾਖਲ ਹੋ ਕੇ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਗਿਆ ਹੈ। ਪੀੜਤਾ ਨੇ ਘਟਨਾ ਸਬੰਧੀ ਹਸਪਤਾਲ ਦੇ ਡਾਕਟਰਾਂ ਤੋਂ ਮੈਡੀਕਲ ਕਰਵਾਉਣਾ ਚਾਹਿਆ ਤਾਂ ਡਾਕਟਰਾਂ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਉਹ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਏ ਅਤੇ ਪੁਲਸ ਨੂੰ ਲੈ ਕੇ ਆਵੇ। ਬੀੜ ਤਲਾਬ ਵਾਸੀ ਪੀੜਤ ਔਰਤ ਆਪਣੀ ਛੋਟੀ ਬੱਚੀ ਸਮੇਤ ਅਦਾਲਤ ਵਿਚ ਪੇਸ਼ ਹੋਈ ਤਾਂ ਜੱਜ ਸਾਹਿਬ ਨੇ ਹਸਪਤਾਲ ਦੇ ਡਾਕਟਰਾਂ ਨੂੰ ਮੈਡੀਕਲ ਕਰਨ ਦਾ ਹੁਕਮ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਦੇ ਵਕੀਲ ਵਿਕਾਸ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਔਰਤ ਆਪਣੇ ਘਰ ਵਿਚ ਸੌਂ ਰਹੀ ਸੀ ਤਾਂ ਅਚਾਨਕ ਇਕ ਗੱਡੀ 'ਤੇ ਕੁਝ ਵਿਅਕਤੀਆਂ ਸਮੇਤ ਪੁਲਸ ਵਿੰਗ ਦੇ ਐੱਨ. ਟੀ. ਸ਼ਰਾਬ ਸੈੱਲ ਦਾ ਏ. ਐੱਸ. ਆਈ. ਰਣਜੀਤ ਸਿੰਘ ਉਸ ਦੇ ਘਰ ਪਹੁੰਚਾ ਜਦੋਂ ਉਸ ਨੇ ਘਰ ਪਹੁੰਚਣ ਦਾ ਕਾਰਨ ਪੁੱਛਿਆ ਤਾਂ ਉਹ ਬਿਨਾਂ ਕੋਈ ਗੱਲ ਕੀਤੇ ਸ਼ਰਾਬ ਠੇਕੇਦਾਰ ਦੇ ਦੋ ਕਰਿੰਦਿਆਂ ਰਣਜੀਤ ਸਿੰਘ ਅਤੇ ਬੂਟਾ ਸਿੰਘ ਦੀ ਮਦਦ ਨਾਲ ਉਸ ਨੂੰ ਘਰ ਦੇ ਕਮਰੇ ਵਿਚ ਲੈ ਗਿਆ ਜਿੱਥੇ ਉਸ ਨੇ ਡਰਾ-ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਵਕੀਲ ਨੇ ਦੱਸਿਆ ਕਿ ਪੀੜਤਾ ਅਨੁਸਾਰ ਜਦੋਂ ਉਸ ਦੀ ਬੱਚੀ ਸ਼ੋਰ ਮਚਾ ਰਹੀ ਸੀ ਤਾਂ ਏ. ਐੱਸ. ਆਈ. ਤੇ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨੇ ਉਸ ਦੀ ਬੱਚੀ ਨੂੰ ਥੱਪੜ ਮਾਰੇ ਤਾਂ ਉਸ ਨੇ ਹੋਰ ਸ਼ੋਰ ਮਚਾ ਦਿੱਤਾ, ਜਿਸ ਤੋਂ ਬਾਅਦ ਏ. ਐੱਸ. ਆਈ. ਆਪਣੇ ਸਾਥੀ ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਨਾਲ ਫਰਾਰ ਹੋ ਗਿਆ।  ਵਕੀਲ ਵਿਕਾਸ ਕੁਮਾਰ ਨੇ ਦੱਸਿਆ ਕਿ ਪੀੜਤ ਔਰਤ ਜਦ ਸਿਵਲ ਹਸਪਤਾਲ ਵਿਚ ਆਪਣਾ ਮੈਡੀਕਲ ਕਰਵਾਉਣ ਲਈ ਗਈ ਤਾਂ ਉਥੇ ਉਸ ਨੂੰ ਪੁਲਸ ਨਾਲ ਲੈ ਕੇ ਆਉਣ ਦਾ ਕਹਿ ਕੇ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਜ਼ਰੀਏ ਪੀੜਤ ਔਰਤ ਜਦ ਅਦਾਲਤ ਵਿਚ ਪੇਸ਼ ਹੋਈ ਤਾਂ ਅਦਾਲਤ ਨੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆ ਸਿਵਲ ਸਰਜਨ ਬਠਿੰਡਾ ਨੂੰ ਪੀੜਤ ਔਰਤ ਦਾ ਮੈਡੀਕਲ ਕਰਵਾਉਣ ਦਾ ਹੁਕਮ ਜਾਰੀ ਕੀਤਾ, ਜਿਸ ਤੋਂ ਬਾਅਦ 20 ਨਵੰਬਰ ਨੂੰ ਪੀੜਤ ਔਰਤ ਦਾ ਮੈਡੀਕਲ ਹੋਇਆ। ਐੱਸ. ਐੱਸ. ਪੀ. ਬਠਿੰਡਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਕੀ ਕਹਿਣਾ ਹੈ ਥਾਣਾ ਸਦਰ ਮੁਖੀ ਦਾ
ਇਸ ਸਬੰਧੀ ਥਾਣਾ ਸਦਰ ਮੁਖੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਹਸਪਤਾਲ ਤੋਂ ਮਿਲੀ ਰਿਪੋਰਟ ਅਨੁਸਾਰ ਉਹ ਪੀੜਤ ਦਾ ਬਿਆਨ ਲੈਣ ਲਈ ਹਸਪਤਾਲ ਗਏ ਸਨ ਪਰ ਉਕਤ ਸ਼ਿਕਾਇਤਕਰਤਾ ਦਾ ਕੁਝ ਪਤਾ ਨਹੀਂ ਲੱਗਾ ਅਤੇ ਨਾ ਹੀ ਉਹ ਮਿਲੀ। ਇਸ ਲਈ ਔਰਤ ਦੇ ਬਿਆਨ ਅਜੇ ਦਰਜ ਨਹੀਂ ਕੀਤੇ।
ਦੋਸ਼ ਬੇਬੁਨਿਆਦ ਹਨ : ਥਾਣੇਦਾਰ
ਔਰਤ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਥਾਣੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਇਹ ਦੋਸ਼ ਝੂਠੇ ਤੇ ਬੇਬੁਨਿਆਦ ਹਨ ਜਦਕਿ ਉਹ ਸਮੱਗਲਿੰਗ ਦੇ ਮਾਮਲੇ ਵਿਚ ਉਸ ਦੇ ਘਰ ਜ਼ਰੂਰ ਗਏ ਸਨ। ਉਨ੍ਹਾਂ ਨਾਲ ਪਿੰਡ ਦਾ ਚੌਕੀਦਾਰ ਵੀ ਮੌਜੂਦ ਸੀ। ਸ਼ਰਾਬ ਦੇ ਠੇਕੇਦਾਰਾਂ ਦੀ ਗੱਡੀ ਨਾਲ ਉਨ੍ਹਾਂ ਦੇ ਕਰਿੰਦੇ ਵੀ ਜ਼ਰੂਰ ਸਨ ਪਰ ਜਬਰ-ਜ਼ਨਾਹ ਦਾ ਮਾਮਲਾ ਤੇ ਲੜਕੀ ਨੂੰ ਥੱਪੜ ਮਾਰਨਾ ਸਰਾਸਰ ਗਲਤ ਇਲਜ਼ਾਮ ਹੈ।