ਫਿਲੌਰ : ਇਕ ਔਰਤ ਦਾ ਬਲਾਤਕਾਰ ਤੋਂ ਬਾਅਦ ਕਤਲ, ਦੂਸਰੀ ਨਾਲ ਗੈਂਗਰੇਪ, ਤੀਸਰੇ ਦੇ ਪਾੜੇ ਕੱਪੜੇ

03/03/2018 7:32:06 PM

ਫਿਲੌਰ (ਭਾਖੜੀ) : ਸ਼ਹਿਰ ਵਿਚ ਔਰਤਾਂ ਕਿੱਥੋਂ ਤਕ ਸੁਰੱਖਿਅਤ ਨਹੀਂ ਇਸ ਦੀ ਤਾਜ਼ਾ ਮਿਸਾਲ ਪਿਛਲੇ ਕੁਝ ਘੰਟਿਆਂ ਵਿਚ ਹੀ ਵਾਪਰੀਆਂ ਘਟਨਾਵਾਂ ਤੋਂ ਦੇਖਣ ਨੂੰ ਮਿਲ ਰਹੀ ਹੈ। ਇਕ ਔਰਤ ਨੂੰ ਬਲਾਤਕਾਰ ਤੋਂ ਬਾਅਦ ਮੌਤ ਦੇ ਘਾਟ ਉਤਾਰਨ ਦੀ ਸ਼ੰਕਾ ਜਤਾਈ ਜਾ ਰਹੀ ਹੈ। ਦੂਸਰੀ ਮਹਿਲਾ ਨੂੰ ਡਰਾ ਕੇ ਉਸ ਨਾਲ ਚਾਰ ਵਾਰ ਬਲਾਤਕਾਰ ਕੀਤਾ ਗਿਆ, ਜਦਕਿ ਤੀਸਰੀ ਮਹਿਲਾ ਨੂੰ ਕਾਰ ਸਵਾਰਾਂ ਨੇ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ। ਬਲਾਤਕਾਰ ਕਰਨ ਅਤੇ ਅਸਫਲ ਰਹਿਣ 'ਤੇ ਮਹਿਲਾ ਦੇ ਕੱਪੜੇ ਪਾੜ ਦਿੱਤੇ।
ਪਿਛਲੇ 48 ਘੰਟਿਆਂ 'ਚ ਤਿੰਨ ਔਰਤਾਂ ਨਾਲ ਵੱਖ-ਵੱਖ ਥਾਵਾਂ 'ਤੇ ਬਲਾਤਕਾਰ ਹੋਣ ਵਰਗੀਆਂ ਘਟਨਾਵਾਂ ਵਾਪਰੀਆਂ। ਉਕਤ ਘਟਨਾਵਾਂ ਤੋਂ ਬਾਅਦ ਔਰਤਾਂ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਪਹਿਲੀ ਘਟਨਾ ਬੀਤੇ ਦਿਨੀਂ ਨੈਸ਼ਨਲ ਹਾਈਵੇ ਨੇੜੇ ਵਾਪਰੀ ਜਦੋਂ ਪੁਲਸ ਨੂੰ ਹਾਈਵੇ ਨੇੜੇ ਢਾਬੇ ਦੇ ਪਿਛੇ 50 ਸਾਲਾ ਮਹਿਲਾ ਦੀ ਲਾਸ਼ ਮਿਲੀ। ਲਾਸ਼ ਦੇ ਨੇੜਿਓਂ ਪੁਲਸ ਨੂੰ ਵਰਤੋਂ ਕੀਤੀ ਗਏ ਕੰਡੋਮ ਅਤੇ ਖਾਲੀ ਬੀਅਰ ਦੀ ਬੋਤਲ ਮਿਲੀ। ਮ੍ਰਿਤਕ ਮਹਿਲਾ ਦੇ ਚਿਹਰੇ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਜ਼ਖਮ ਕੀਤੇ ਹੋਏ ਸਨ। ਹਾਲਤ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਮਹਿਲਾ ਨੂੰ ਬਲਾਤਕਾਰ ਤੋਂ ਬਾਅਦ ਮੌਤ ਦੇ ਘਾਟ ਉਤਾਰਿਆ ਗਿਆ ਹੋਵੇ। ਫਿਲਹਾਲ ਪੁਲਸ ਨੇ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ ਮ੍ਰਿਤਕ ਮਹਿਲਾ ਲੁਧਿਆਣਾ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ ਉਸ ਦੇ ਪਰਿਵਾਰ ਵਾਲਿਆਂ ਅਨੁਸਾਰ ਉਹ ਬੀਤੇ ਦਿਨੀਂ ਘਰੋਂ ਆਪਣੇ ਰਿਸ਼ਤੇਦਾਰ ਦੇ ਇਥੇ ਰੱਖੇ ਪਾਠ ਦੇ ਭੋਗ ਵਿਚ ਜਾਣ ਲਈ ਨਿਕਲੀ ਸੀ ਉਹ ਇਥੇ ਸੁੰਨਸਾਨ ਇਲਾਕੇ ਵਿਚ ਕਿਸ ਤਰ੍ਹਾਂ ਪਹੁੰਚ ਗਈ ਇਸ ਦਾ ਉਨਾਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ।
ਦੂਸਰੀ ਘਟਨਾ ਪਿੰਡ ਸੈਫਾਬਾਦ ਦੀ ਮਹਿਲਾ ਰੀਮਾ (30) ਕਾਲਪਨਿਕ ਨਾਂ ਜੋ ਦੋ ਬੱਚਿਆਂ ਦੀ ਮਾਂ ਹੈ ਨਾਲ ਵਾਪਰੀ। ਉਸ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ ਪਤੀ ਜੋ ਟੈਕਸੀ ਚਲਾਉਂਦਾ ਹੈ ਜਿਵੇਂ ਹੀ ਬੱਚਿਆਂ ਦੇ ਸਕੂਲ ਜਾਣ ਦੇ ਬਾਅਦ ਉਹ ਘਰੋਂ ਨਿਕਲਿਆ ਤਾਂ ਨੇੜੇ ਗੰਨਾ ਪਿੰਡ ਦੇ ਦੋ ਲੜਕੇ ਜ਼ਬਰਦਸਤੀ ਉਸਦੇ ਘਰ ਅੰਦਰ ਦਾਖਲ ਹੋ ਕੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਇਕ ਲੜਕੇ ਨੇ ਉਸ ਨਾਲ ਬਲਾਤਕਾਰ ਕੀਤਾ। ਉਸ ਉਪਰੰਤ ਉਕਤ ਲੜਕੇ ਨੇ ਆਪਣੇ ਫੋਨ ਤੋਂ ਉਸ ਨਾਲ ਅਸ਼ਲੀਲ ਤਸਵੀਰਾਂ ਖਿੱਚ ਲਈਆਂ ਉਨ੍ਹਾਂ ਤਸਵੀਰਾਂ ਰਾਹੀਂ ਉਨ੍ਹਾਂ ਉਸ ਨਾਲ ਚਾਰ ਵਾਰ ਬਲਾਤਕਾਰ ਕੀਤਾ ਅਤੇ ਉਸਨੂੰ ਬਲੈਕਮੇਲ ਕਰਕੇ ਰੁਪਏ ਵੀ ਲੈ ਗਏ। ਸਥਾਨਕ ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਦੋਵਾਂ ਲੜਕਿਆਂ ਸੋਨੂ ਅਤੇ ਕੁਲਦੀਪ ਵਿਰੁੱਧ ਬਲਾਤਕਾਰ ਦਾ ਮੁਕੱਦਮਾ ਦਰਜ ਕਰਕੇ ਮਹਿਲਾ ਦਾ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ।
ਤੀਸਰੀ ਘਟਨਾ ਬੀਤੇ ਦਿਨੀਂ ਸ਼ਾਮ ਚਾਰ ਵਜੇ ਨੇੜੇ ਪਿੰਡ ਗੰਨਾ ਪਿੰਡ ਦੀ ਸ਼ਾਦੀਸ਼ੁਦਾ 22 ਸਾਲਾ ਲੜਕੀ ਨਾਲ ਵਾਪਰੀ। ਪੁਲਸ  ਨੂੰ ਦਿੱਤੇ ਬਿਆਨਾਂ ਵਿਚ ਉਕਤ ਨੇ ਦੱਸਿਆ ਕਿ ਉਹ ਬੀਤੇ ਦਿਨੀਂ ਸ਼ਾਮ 4 ਵਜੇ ਆਪਣੇ ਦਿਓਰ ਨਾਲ ਮੋਟਰਸਾਈਕਲ 'ਤੇ ਡਾਕਟਰ ਕੋਲ ਚੈਕਅੱਪ ਕਰਵਾਉਣ ਲਈ ਫਿਲੌਰ ਸ਼ਹਿਰ ਪਹੁੰਚੀ। ਡਾਕਟਰ ਤੋਂ ਦਵਾਈ ਲੈ ਕੇ ਜਦੋਂ ਪਿੰਡ ਵੱਲ ਵਾਪਸ ਪਰਤ ਰਹੀ ਸੀ ਤਾਂ ਰਸਤੇ ਵਿਚ ਕਾਰ ਸਵਾਰ ਚਾਰ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਜ਼ਬਰਦਸਤੀ ਕਾਰ ਵਿਚ ਪਾ ਕੇ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕੀਤੀ ਜਦੋਂ ਉਹ ਰੌਲਾ ਪਾਉਂਦੀ ਹੋਈ ਖੇਤਾਂ ਵੱਲ ਭੱਜੀ ਤਾਂ ਉਕਤ ਲੋਕਾਂ ਨੇ ਉਸਦਾ ਪਿੱਛਾ ਕਰਕੇ ਉਸਨੂੰ ਦਬੋਚ ਲਿਆ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਉਸ ਦੇ ਰੌਲਾ ਪਾਉਣ ਤੇ ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਉਹ ਉਸਨੂੰ ਉਥੇ ਛੱਡ ਕੇ ਕਾਰ ਵਿਚ ਬੈਠ ਕੇ ਭੱਜ ਗਏ। ਉਕਤ ਘਟਨਾ ਦੇ ਸਬੰਧ ਵਿਚ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।