14 ਸਾਲਾ ਜਬਰ-ਜ਼ਨਾਹ ਪੀੜਤ ਲੜਕੀ ਨਹੀਂ ਬਣੇਗੀ, ਗਰਭਪਾਤ ਦੀ ਮਿਲੀ ਇਜਾਜ਼ਤ

Friday, Oct 06, 2017 - 07:16 PM (IST)

ਪਟਿਆਲਾ (ਬਲਜਿੰਦਰ) : ਸਰਕਾਰੀ ਰਾਜਿੰਦਰਾ ਹਸਪਤਾਲ ਦੇ 8 ਡਾਕਟਰਾਂ ਦੇ ਮੈਡੀਕਲ ਬੋਰਡ ਨੇ ਜਬਰ-ਜ਼ਨਾਹ ਪੀੜਤਾ 14 ਸਾਲਾ ਨਾਬਾਲਿਗ ਲੜਕੀ ਦਾ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਬੋਰਡ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਾਲ 2014 ਵਿਚ ਦਿੱਤੇ ਫੈਸਲੇ ਨੂੰ ਆਧਾਰ ਬਣਾਇਆ ਗਿਆ ਹੈ। ਲੜਕੀ ਦੇ ਪੇਟ ਵਿਚ 14 ਹਫਤਿਆਂ ਦਾ ਬੱਚਾ ਹੈ। 8 ਮੈਂਬਰੀ ਮੈਡੀਕਲ ਬੋਰਡ ਨੇ ਉਸ ਫੈਸਲੇ ਦੇ ਆਧਾਰ 'ਤੇ ਲੜਕੀ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬੀ. ਐੈੱਸ. ਬਰਾੜ ਨੇ ਵੀ ਮੀਡੀਆ ਕੋਲ ਕੀਤੀ। ਇਥੇ ਇਹ ਦੱਸਣਯੋਗ ਹੈ ਕਿ ਥਾਣਾ ਤ੍ਰਿਪੜੀ ਦੀ ਪੁਲਸ ਨੇ 29 ਸਤੰਬਰ ਨੂੰ ਇਕ ਕੇਸ ਦਰਜ ਕੀਤਾ ਸੀ। ਇਸ ਵਿਚ ਸ਼ਹਿਰ ਦੀ ਹੀ ਨਾਬਾਲਿਗ ਲੜਕੀ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਨਪ੍ਰੀਤ ਸਿੰਘ ਨਾਂ ਦੇ ਲੜਕੇ ਨੇ ਉਸ ਦੀ ਬੇਟੀ ਨਾਲ ਜਬਰ-ਜ਼ਨਾਹ ਕੀਤਾ। ਇਸ ਕਾਰਨ ਲੜਕੀ ਗਰਭਵਤੀ ਹੋ ਗਈ ਸੀ। ਥਾਣਾ ਤ੍ਰਿਪੜੀ ਦੀ ਪੁਲਸ ਨੇ ਇਸ ਮਾਮਲੇ ਵਿਚ ਮਨਪ੍ਰੀਤ ਸਿੰਘ ਖਿਲਾਫ 376 ਅਤੇ ਪੋਸਕੋ ਐਕਟ ਧਾਰਾ 4, 8, 12 ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਗਿਆ ਸੀ।
ਲੜਕੀ ਦੇ ਮਾਮਲੇ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਬੀ. ਐੈੱਸ. ਬਰਾੜ ਅਤੇ ਥਾਣਾ ਤ੍ਰਿਪੜੀ ਦੇ ਐੈੱਸ. ਐੈੱਚ. ਓ. ਇੰਸਪੈਕਟਰ ਰਾਜੇਸ਼ ਮਲਹੋਤਰਾ ਨੇ ਵਿਚਾਰ-ਵਟਾਂਦਰਾ ਕੀਤਾ। ਲੜਕੀ ਦਾ ਗਰਭਪਾਤ ਕਰਵਾਇਆ ਜਾ ਸਕਦਾ ਹੈ ਜਾਂ ਨਹੀਂ? ਨੂੰ ਲੈ ਕੇ 8 ਡਾਕਟਰਾਂ ਦੇ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ। ਇਨ੍ਹਾਂ ਵਿਚ ਡਾ. ਬਲਵਿੰਦਰ ਪ੍ਰੋ. ਐਨਸਥੀਸੀਆ ਵਿਭਾਗ, ਡਾ. ਹਰਦੀਪ ਕੌਰ ਤੇ ਡਾ. ਮਨਪ੍ਰੀਤ ਕੌਰ ਐਸੋਸੀਏਟ ਪ੍ਰੋਫੈਸਰ ਗਾਇਨੀ ਵਿਭਾਗ, ਡਾ. ਰਮਾ ਗਰਗ ਅਤੇ ਡਾ. ਬੇਅੰਤ ਸਿੰਘ ਸਹਾਇਕ ਪ੍ਰੋਫੈਸਰ ਗਾਇਨੀ ਵਿਭਾਗ, ਡਾ. ਡੀ. ਐੈੱਸ. ਭੁੱਲਰ ਸਹਾਇਕ ਪ੍ਰੋਫੈਸਰ ਫੋਰੈਂਸਿਕ ਮੈਡੀਸਨ ਵਿਭਾਗ, ਡਾ. ਰੋਮੇਲ ਸਿੰਘ ਸਹਾਇਕ ਪ੍ਰੋਫੈਸਰ ਸਰਜਰੀ ਵਿਭਾਗ ਅਤੇ ਡਾ. ਵਿਜੇ ਕੁਮਾਰ ਸਹਾਇਕ ਪ੍ਰੋਫੈਸਰ ਮੈਡੀਸਨ ਵਿਭਾਗ ਸ਼ਾਮਲ ਸਨ। ਉਕਤ ਡਾਕਟਰਾਂ ਦੇ ਬੋਰਡ ਵੱਲੋਂ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਗਿਆ ਹੈ।


Related News