ਬੇਸ਼ੱਕ ਪੰਥ ''ਚੋਂ ਕੱਢ ਦਿਓ ਪਰ ਝੂਠੇ ਦੋਸ਼ ਨਾ ਲਾਓ : ਭਾਈ ਰਣਜੀਤ ਸਿੰਘ

10/05/2019 6:42:28 PM

ਚੰਡੀਗੜ੍ਹ (ਟੱਕਰ) : ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਨੂੰ ਸਿੱਖ ਪੰਥ 'ਚੋਂ ਕੱਢ ਦਿਓ ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਕੁੱਝ ਪ੍ਰਚਾਰਕ ਉਨ੍ਹਾਂ ਉਪਰ ਝੂਠੇ ਦੋਸ਼ ਲਗਾ ਕੇ ਸਿੱਖ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ। ਸਿੱਖ ਧਰਮ ਦੇ ਕੁੱਝ ਪ੍ਰਚਾਰਕਾਂ ਤੇ ਜੱਥੇਬੰਦੀਆਂ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਜੱਥੇ. ਹਰਪ੍ਰੀਤ ਸਿੰਘ ਨੂੰ ਲਿਖਤੀ ਪੱਤਰ ਦਿੱਤਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਗੁਰੂ ਇਤਿਹਾਸ ਪ੍ਰਤੀ ਸ਼ੰਕੇ ਖੜ੍ਹੇ ਕੀਤੇ ਜਾ ਰਹੇ ਹਨ ਅਤੇ ਮਾਈ ਭਾਗੋ ਜੀ ਦਾ ਅਕਸ ਵਿਗਾੜਨ ਲਈ ਆਪਣੇ ਕੋਲੋਂ ਮਨਘੜਤ ਤੱਥ ਪੇਸ਼ ਕੀਤੇ ਜਾ ਰਹੇ ਹਨ ਜਿਸ 'ਤੇ ਢੱਡਰੀਆਂ ਵਲੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਕਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੀ ਇਨ੍ਹਾਂ ਦੇ ਹੀ ਹਨ। ਬੇਸ਼ੱਕ ਉਨ੍ਹਾਂ ਨੂੰ ਪੰਥ 'ਚੋਂ ਕੱਢ ਦਿਓ ਪਰ ਜੋ ਉਨ੍ਹਾਂ ਉਪਰ ਇਹ ਝੂਠਾ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਿੱਤਰ ਬਾਰੇ ਗੱਲਾਂ ਕੀਤੀਆਂ ਹਨ, ਉਹ ਬਿਲਕੁਲ ਝੂਠੀਆਂ ਹਨ ਕਿਉਂਕਿ ਉਨ੍ਹਾਂ ਵਲੋਂ ਆਪਣੇ ਸਮਾਗਮਾਂ ਦੌਰਾਨ ਜੋ ਵੀ ਕਿਹਾ ਗਿਆ ਹੈ ਉਹ ਸਭ ਕੁੱਝ ਅੱਜ ਵੀ ਸੋਸ਼ਲ ਮੀਡੀਆ 'ਤੇ ਸਬੂਤ ਵਜੋਂ ਜੱਗ ਜਾਹਰ ਹੈ।ਉਨ੍ਹਾਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੀ ਪ੍ਰਚਾਰ ਕੀਤਾ ਪਰ ਅਜਿਹੀਆਂ ਗੱਲਾਂ ਤਾਂ ਘੱਟੋ-ਘੱਟ ਨਾ ਕਰੋ। 

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸੂਰਜ ਪ੍ਰਕਾਸ਼ ਗ੍ਰੰਥ ਵਿਚ ਜੋ ਕੁੱਝ ਲਿਖਿਆ ਹੋਇਆ ਹੈ, ਉਨ੍ਹਾਂ ਵਲੋਂ ਉਹੀ ਸੰਗਤ ਨੂੰ ਦੱਸਿਆ ਗਿਆ ਅਤੇ ਬੇਸ਼ੱਕ ਸੰਗਤ ਸੂਰਜ ਪ੍ਰਕਾਸ਼ ਗ੍ਰੰਥ ਆਪ ਘਰ ਲਿਆ ਕੇ ਪੜ੍ਹਨ ਫਿਰ ਫੈਸਲਾ ਕਰਨ ਕਿ ਜੋ ਉਨ੍ਹਾਂ ਕਿਹਾ ਕਿ ਉਹ ਸੱਚ ਹੈ ਜਾਂ ਝੂਠ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਡਰਾਉਣ ਵਾਲਿਆਂ ਤੋਂ ਉਹ ਮੁਆਫ਼ੀਆਂ ਮੰਗ ਉਨ੍ਹਾਂ ਅੱਗੇ ਝੁੱਕ ਜਾਣ ਤਾਂ ਉਨ੍ਹਾਂ ਦੀਆਂ ਸਟੇਜਾਂ ਅਤੇ ਸੰਗਤ ਵਲੋਂ ਜੋ ਬਖ਼ਸ਼ੀ ਗਈ ਸ਼ੌਹਰਤ ਹੈ ਉਹ ਕਾਇਮ ਰਹਿ ਸਕਦੀ ਹੈ ਪਰ ਉਹ ਆਪਣੇ ਬਚਨਾਂ 'ਤੇ ਕਾਇਮ ਹਨ ਕਿ ਉਹ ਝੂਠੇ ਦੋਸ਼ ਲਗਾਉਣ ਵਾਲਿਆਂ ਅੱਗੇ ਨਹੀਂ ਝੁੱਕਣਗੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਦੇ ਰਹਿਣਗੇ ਬੇਸ਼ੱਕ ਉਨ੍ਹਾਂ ਦਾ ਸਾਰਾ ਕੁੱਝ ਚਲੇ ਜਾਵੇ।


Gurminder Singh

Content Editor

Related News