ਰਣਜੀ ਟਰਾਫੀ : ਪੰਜਾਬ ਵੱਡੇ ਸਕੋਰ ਵੱਲ ਵਧਿਆ

11/25/2017 9:54:25 PM

ਅੰਮ੍ਰਿਤਸਰ— ਪੰਜਾਬ ਦੇ ਸਲਾਮੀ ਬੱਲੇਬਾਜ਼ ਸ਼ੁਭਮ ਗਿੱਲ (129 ਦੌੜਾਂ) ਤੇ ਮੱਧਕ੍ਰਮ ਦੇ ਬੱਲੇਬਾਜ਼ ਅਨਮੋਲਪ੍ਰੀਤ ਸਿੰਘ (ਅਜੇਤੂ 129) ਦੇ ਸੈਂਕੜਿਆਂ ਦੀ ਬਦੌਲਤ ਅੱਜ ਇੱਥੇ ਸੈਨਾ ਵਿਰੁੱਧ ਰਣਜੀ ਟਰਾਫੀ ਗਰੁੱਪ-ਡੀ ਮੁਕਾਬਲੇ ਦੇ ਸ਼ੁਰੂਆਤੀ ਦਿਨ ਸਟੰਪ ਤਕ ਦੋ ਵਿਕਟਾਂ ਗੁਆ ਕੇ 395 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਸੈਨਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਪੰਜਾਬ ਨੇ ਆਪਣੇ ਸਲਾਮੀ ਬੱਲੇਬਾਜ਼ਾਂ ਜੀਵਨਜੋਤ ਸਿੰਘ (94 ਗੇਂਦਾਂ 'ਤੇ 9 ਚੌਕਿਆਂ ਨਾਲ 54 ਦੌੜਾਂ ਬਣਾ ਕੇ ਰਿਟਾਇਰਡ ਹਰਟ) ਤੇ ਗਿੱਲ ਦੀ ਬਦੌਲਤ ਬਿਹਤਰੀਨ ਸ਼ੁਰੂਆਤ ਕੀਤੀ।  ਜੀਵਨਜੋਤ ਦੇ ਰਿਟਾਇਰਡ ਹੋਣ ਤੋਂ ਬਾਅਦ ਮਨਨ ਵੋਹਰਾ ਕ੍ਰੀਜ਼ 'ਤੇ ਉਤਰਿਆ ਪਰ ਉਹ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ ਤੇ ਗਿੱਲ ਡਟਿਆ ਰਿਹਾ, ਜਿਸ ਨੇ 142 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਆਪਣੀ 129 ਦੌੜਾਂ ਦੀ ਸੈਂਕੜੇਵਾਲੀ ਪਾਰੀ ਦੌਰਾਨ 22 ਚੌਕੇ ਤੇ 1 ਛੱਕਾ ਲਾਇਆ।
ਗਿੱਲ ਆਊਟ ਹੋਣ ਵਾਲਾ ਟੀਮ ਦਾ ਦੂਜਾ ਬੱਲੇਬਾਜ਼ ਰਿਹਾ। ਇਸ ਤੋਂ ਬਾਅਦ ਅਨਮੋਲਪ੍ਰੀਤ ਤੇ ਗੁਰਕੀਰਤ ਸਿੰਘ ਨੇ ਡਟ ਕੇ ਸੈਨਾ ਦੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ, ਜਿਹੜਾ ਕ੍ਰਮਵਾਰ 129 ਤੇ 68 ਦੌੜਾਂ ਬਣਾ ਕੇ ਕ੍ਰੀਜ਼ 'ਤੇ ਡਟਿਆ ਹੋਇਆ ਹੈ। ਅਨਮੋਲਪ੍ਰੀਤ ਨੇ ਆਪਣੀ ਪਾਰੀ ਦੌਰਾਨ 183 ਗੇਂਦਾਂ ਵਿਚ 20 ਚੌਕੇ ਤੇ ਇਕ ਛੱਕਾ ਲਾਇਆ, ਜਦਕਿ ਗੁਰਕੀਰਤ ਨੇ106 ਗੇਂਦਾਂ ਵਿਚ ਸੱਤ ਚੌਕੇ ਤੇ ਇਕ ਛੱਕਾ ਲਾਇਆ।