ਰਣਜੀ ਟਰਾਫੀ : ਪੰਜਾਬ 147 ''ਤੇ ਢੇਰ, ਬੰਗਾਲ ਦੀ ਚੰਗੀ ਸ਼ੁਰੂਆਤ

11/18/2017 3:17:49 AM

ਅੰਮ੍ਰਿਤਸਰ— ਤੇਜ਼ ਗੇਂਦਬਾਜ਼ ਬੀ. ਅਮਿਤ ਤੇ ਆਪਣਾ ਪਹਿਲਾ ਪਹਿਲੀ ਸ਼੍ਰੇਣੀ ਮੈਚ ਖੇਡ ਰਹੇ ਖੱਬੇ ਹੱਥ ਦੇ ਸਪਿਨਰ ਪ੍ਰਦੀਪਤ ਪ੍ਰਮਾਣਿਕ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੰਗਾਲ ਨੇ ਇਥੇ ਪੰਜਾਬ ਨੂੰ 147  ਦੌੜਾਂ 'ਤੇ ਆਊਟ ਕਰ ਕੇ ਰਣਜੀ ਟਰਾਫੀ ਗਰੁੱਪ-ਡੀ ਕ੍ਰਿਕਟ ਮੈਚ ਦੇ ਪਹਿਲੇ ਦਿਨ ਬਿਨਾਂ ਕਿਸੇ ਨੁਕਸਾਨ ਦੇ 76 ਦੌੜਾਂ ਬਣਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ। 
ਪੰਜਾਬ ਦੇ ਕਪਤਾਨ ਹਰਭਜਨ ਸਿੰਘ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਸਹੀ ਸਾਬਤ ਨਹੀਂ ਹੋਇਆ ਤੇ ਇਸ ਮੈਚ 'ਚ ਆਪਣੇ ਪਹਿਲੀ ਸ਼੍ਰੇਣੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਲਾਮੀ ਬੱਲੇਬਾਜ਼ ਸ਼ੁਭਮ ਗਿੱਲ ਨੂੰ ਛੱਡ ਕੇ ਉਸ ਦਾ ਕੋਈ ਵੀ ਬੱਲੇਬਾਜ਼ ਟਿਕ ਕੇ ਨਹੀਂ ਖੇਡ ਸਕਿਆ। 18 ਸਾਲਾ ਗਿੱਲ ਨੇ 63 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ 20 ਦੌੜਾਂ ਤਕ ਨਹੀਂ ਪਹੁੰਚਿਆ।  ਬੰਗਾਲ ਵਲੋਂ ਅਮਿਤ ਤੇ ਪ੍ਰਮਾਣਿਕ ਨੇ 3-3, ਜਦਕਿ ਅਸ਼ੋਕ ਡਿੰਡਾ, ਇਸ਼ਾਨ ਪੋਰੇਲ ਤੇ ਆਮਿਰ ਗਨੀ ਨੇ 1-1 ਵਿਕਟ ਲਈ।
ਇਸ ਤੋਂ ਬਾਅਦ ਅਭਿਸ਼ੇਕ ਰਮਨ (ਅਜੇਤੂ 42) ਤੇ ਅਭਿਮਨਿਊ ਈਸ਼ਵਰਨ (ਅਜੇਤੂ 33) ਨੇ ਬੰਗਾਲ ਨੂੰ ਚੰਗੀ ਸ਼ੁਰੂਆਤ ਦਿਵਾਈ। ਇਨ੍ਹਾਂ ਦੋਵਾਂ ਦੀ ਚੰਗੀ ਬੱਲੇਬਾਜ਼ੀ ਨਾਲ ਬੰਗਾਲ ਹੁਣ ਪੰਜਾਬ ਤੋਂ ਸਿਰਫ 71 ਦੌੜਾਂ ਹੀ ਪਿੱਛੇ ਹੈ, ਜਦਕਿ ਉਸਦੀਆਂ 10 ਵਿਕਟਾਂ ਅਜੇ ਸੁਰੱਖਿਅਤ ਹਨ।