ਮਜੀਠੀਆ ਦੇ ਇਲਜ਼ਾਮ 'ਤੇ ਰੰਧਾਵਾ ਦਾ ਜਵਾਬ, ਕਿਹਾ- ਨਸ਼ਾ ਤਸਕਰ ਕੋਲੋਂ ਰਾਸ਼ਟਰਵਾਦ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ

01/26/2022 4:47:31 PM

ਚੰਡੀਗੜ੍ਹ : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਕਰਮ ਮਜੀਠੀਆ ਵੱਲੋਂ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਤਿੱਖਾ ਹਮਲਾ ਕੀਤਾ ਹੈ। ਸੁਖਜਿੰਦਰ ਰੰਧਾਵਾ ਨੇ ਬਿਕਰਮ ਮਜੀਠੀਆ 'ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪੰਜਾਬ ਜਾਣਦਾ ਹੈ ਕਿ ਤੁਸੀਂ (ਮਜੀਠੀਆ) ਸੂਬੇ 'ਚ ਨਸ਼ੇ ਦੀ ਸਮੱਸਿਆ ਲਈ ਜ਼ਿੰਮੇਵਾਰ ਹੋ ਤੇ ਪੂਰਾ ਦੇਸ਼ ਜਾਣਦਾ ਹੈ ਕਿ ਆਈ. ਐੱਸ. ਆਈ. ਪੰਜਾਬ ਵਿੱਚ ਨਸ਼ੇ ਸਪਲਾਈ ਕਰਦਾ ਹੈ। ਰੰਧਾਵਾ ਨੇ ਕਿਹਾ ਕਿ ਮੇਰੇ ਪਰਿਵਾਰ ਨੂੰ ਰਾਸ਼ਟਰਵਾਦ 'ਤੇ ਕਿਸੇ ਨਸ਼ਾ ਤਸਕਰ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ ਹੈ। ਸੂਬੇ ਦੇ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਚੁਣਿਆ ਹੈ ਅਤੇ ਮੇਰੇ ਤੇ ਮੇਰੇ ਪਰਿਵਾਰ ਵਿੱਚ ਆਪਣਾ ਵਿਸ਼ਵਾਸ ਦਿਖਾਇਆ ਹੈ।

ਇਹ ਵੀ ਪੜ੍ਹੋ : ਰਾਣਾ ਗੁਰਜੀਤ ਦੀ ਚਿੱਠੀ 'ਤੇ ਸੁਖਪਾਲ ਖਹਿਰਾ ਦਾ ਪਲਟਵਾਰ, ਦਿੱਤੀ ਵੱਡੀ ਚੁਣੌਤੀ 

ਦੱਸ ਦਈਏ ਕਿ ਅੱਜ ਬਿਕਰਮ ਮਜੀਠੀਆ ਵੱਲੋਂ ਪ੍ਰੈੱਸ ਕਾਨਫਰੰਸ ਕਰਦਿਆਂ ਸੁਖਜਿੰਦਰ ਰੰਧਾਵਾ ਦੇ ਪਿਤਾ 'ਤੇ ਵੱਡੇ ਇਲਜ਼ਾਮ ਲਗਾਏ ਗਏ ਸਨ। ਮਜੀਠੀਆ ਨੇ ਕਿਹਾ ਸੀ ਕਿ ਸੁਖਜਿੰਦਰ ਰੰਧਾਵਾ ਦੇ ਪਿਤਾ ਸੰਤੋਖ ਸਿੰਘ ਰੰਧਾਵਾ 'ਤੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ. ਨਾਲ ਸਬੰਧਾਂ ਦੇ ਇਲਜ਼ਾਮ ਲੱਗੇ ਸਨ, ਜਿਸ ਕਾਰਨ ਉਨ੍ਹਾਂ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਪਿਆ ਸੀ। ਮਜੀਠੀਆ ਦੇ ਇਸ ਇਲਜ਼ਾਮ 'ਤੇ ਪਲਟਵਾਰ ਕਰਦਿਆਂ ਰੰਧਾਵਾ ਨੇ ਟਵੀਟ ਕਰਕੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਬਿਕਰਮ ਮਜੀਠੀਆ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਲਈ ਜ਼ਿੰਮੇਵਾਰ ਹੈ ਤੇ ਸਾਡੇ ਪਰਿਵਾਰ ਨੂੰ ਅਜਿਹੇ ਨਸ਼ਾ ਤਸਕਰ ਕੋਲੋਂ ਦੇਸ਼ ਭਗਤੀ ਦੇ ਸਰਟੀਫ਼ਿਕੇਟ ਦੀ ਲੋੜ ਨਹੀਂ।

ਰੰਧਾਵਾ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਨਸ਼ਿਆਂ ਦੇ ਮਾਮਲੇ ਵਿੱਚ ਐੱਫ. ਆਈ. ਆਰ. ਦਰਜ ਹੋਣ ਮਗਰੋਂ ਹੀ ਸੂਬਾ ਪੁਲਸ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਮਾਮਲੇ ਦੀ ਜਾਂਚ ਲਈ ਗ੍ਰਿਫ਼ਤਾਰ ਕਰੇਗੀ। ਉਨ੍ਹਾਂ ਕਿਹਾ ਸੀ ਕਿ ਉਹ ਨਾ ਤਾਂ ਬਦਲਾਖੋਰੀ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ ਤੇ ਨਾ ਹੀ ਕਾਨੂੰਨ ਤੋਂ ਬਾਹਰ ਜਾਣ 'ਚ। ਪੁਲਸ ਕਾਨੂੰਨੀ ਪ੍ਰਕਿਰਿਆ ਅਨੁਸਾਰ ਮਾਮਲੇ ਦੀ ਜਾਂਚ ਕਰੇਗੀ। ਰੰਧਾਵਾ ਨੇ ਕਿਹਾ ਸੀ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਸ਼ਾ ਵਿਰੋਧੀ ਐੱਸ. ਟੀ. ਐੱਫ. ਦੀ ਰਿਪੋਰਟ ਦੇ ਆਧਾਰ 'ਤੇ ਰਾਜ ਸਰਕਾਰ ਨੂੰ ਡਰੱਗਜ਼ ਕੇਸ ਵਿੱਚ ਕਾਰਵਾਈ ਕਰਨ ਤੋਂ ਕਦੇ ਨਹੀਂ ਰੋਕਿਆ ਅਤੇ ਪੁਲਸ ਹਾਈ ਕੋਰਟ ਦੀ ਆਗਿਆ ਤੋਂ ਇਕ ਇੰਚ ਵੀ ਅੱਗੇ ਨਹੀਂ ਵਧੇਗੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Harnek Seechewal

This news is Content Editor Harnek Seechewal