ਕਾਂਗਰਸੀ ਵਿਧਾਇਕ ਰਾਣਾ ਸੋਢੀ ਦੀਆਂ ਮੁਸ਼ਕਲਾਂ ਵਧੀਆਂ, ਪੀ. ਏ. ਦਾ ਨਾਂ ਵੱਡੇ ਘੋਟਾਲੇ ''ਚ ਸ਼ਾਮਲ

06/14/2016 12:43:45 PM

 ਕਾਂਗਰਸੀ ਵਿਧਾਇਕ ਰਾਣਾ ਸੋਢੀ ਦੀਆਂ ਮੁਸ਼ਕਲਾਂ ਵਧੀਆਂ, ਪੀ. ਏ. ਦਾ ਨਾਂ ਵੱਡੇ ਘੋਟਾਲੇ ''ਚ ਸ਼ਾਮਲ

ਫਿਰੋਜ਼ਪੁਰ : ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕੇ ਗੁਰੂਸਹਾਏ ਤੋਂ ਲਗਾਤਾਰ ਤਿੰਨ ਵਾਰ ਜਿੱਤਦੇ ਆ ਰਹੇ ਕਾਂਗਰਸੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਮੁਸ਼ਕਲਾਂ ਉਸ ਸਮੇਂ ਵਧ ਗਈਆਂ, ਜਦੋਂ ਉਨ੍ਹਾਂ ਦੇ ਪੀ. ਏ. ਅੰਮ੍ਰਿਤਪਾਲ ਸਿੰਘ ਦਾ ਨਾਂ ਚਿਟਫੰਡ ਘੋਟਾਲੇ ''ਚ ਆ ਗਿਆ। ਫਿਲਹਾਲ ਪੁਲਸ ਨੇ ਅੰਮ੍ਰਿਤਪਾਲ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਅੰਮ੍ਰਿਤਪਾਲ ਪੇਸ਼ਗੀ ਜ਼ਮਾਨਤ ਲੈਣ ਲਈ ਹਰ ਕੋਸ਼ਿਸ਼ ਕਰ ਰਿਹਾ ਹੈ।
ਫਿਰੋਜ਼ਪੁਰ ਸੈਸ਼ਨ ਕੋਰਟ ਨੇ ਅੰਮ੍ਰਿਤਪਾਲ ਦੀ ਅਗਾਊਂ ਜ਼ਮਾਨਤ ਵਾਲੀ ਅਰਜ਼ੀ ਨੂੰ ਵੀ ਨਾ-ਮਨਜ਼ੂਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ 90 ਦੇ ਦਹਾਕੇ ''ਚ ਫਿਰੋਜ਼ਪੁਰ ''ਚ ''ਨਾਈਸਰ ਗਰੀਨ ਫਾਰੇਸਟ ਲਿਮਟਿਡ'' ਨਾਂ ਦੀ ਕੰਪਨੀ ਪਿੱਪਲ ਸਿੰਘ ਸਿੱਧੂ ਨਾਂ ਦੇ ਵਿਅਕਤੀ ਵਲੋਂ ਸ਼ੁਰੂ ਕੀਤੀ ਗਈ ਸੀ। ਸ਼ੁਰੂਆਤ ''ਚ ਕੰਪਨੀ ਦੇ ਮੁਲਾਜ਼ਮ ਭੋਲੇ-ਭਾਲੇ ਲੋਕਾਂ ਨੂੰ ਗੱਲਾਂ ''ਚ ਲੈ ਕੇ ਕੰਪਨੀ ''ਚ ਨਿਵੇਸ਼ ਕਰਵਾਉਣ ਲੱਗੇ ਪਰ ਜਦੋਂ ਕੰਪਨੀ ਨੂੰ ਕਰੋੜਾਂ ਦਾ ਫਾਇਦਾ ਹੋਣ ਲੱਗਾ ਤਾਂ ਕੰਪਨੀ ਦੇ ਮਾਲਕ ਨੇ ਇਕ ਸਿਆਸੀ ਪਰਿਵਾਰ ਨਾਲ ਆਪਣੇ ਰਿਸ਼ਤੇ ਬਣਾ ਲਏ ਪਰ ਸੱਤਾ ਬਦਲਣ ਤੋਂ ਬਾਅਦ ਜਦੋਂ ਕੰਪਨੀ ਦਾ ਧੰਦਾ ਮੰਦਾ ਪੈ ਗਿਆ ਤਾਂ ਲੋਕਾਂ ਨੇ ਕੰਪਨੀ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ।
ਕੰਪਨੀ ਨੇ ਲੋਕਾਂ ਦੇ ਪੈਸੇ ਦੇਣ ਲਈ ਹੱਥ ਖੜ੍ਹੇ ਕਰ ਦਿੱਤੇ। ਇਸੇ ਦੌਰਾਨ ਕੰਪਨੀ ਦੇ ਮਾਲਕ ਨੇ ਚਲਾਕੀ ਵਰਤਦਿਆਂ ਇਕ ਹੋਰ ਕੰਪਨੀ ਬਣਾ ਕੇ ਲੋਕਾਂ ਨਾਲ ਫਿਰ ਇਹੀ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਪਰ ਇਸ ਕੰਪਨੀ ਦੀਆਂ ਸ਼ਿਕਾਇਤਾਂ ਪੁਲਸ ਨੂੰ ਤੱਕ ਪੁੱਜਣੀਆਂ ਸ਼ੁਰੂ ਹੋ ਗਈਆਂ, ਜਿਸ ਦੌਰਾਨ ਵਿਧਾਇਕ ਰਾਣਾ ਸੋਢੀ ਦੇ ਪੀ. ਏ. ਅੰਮ੍ਰਿਤਪਾਲ ਸਿੰਘ ਨੂੰ ਵੀ ਮਾਮਲੇ ''ਚ ਨਾਮਜ਼ਦ ਕੀਤਾ ਗਿਆ। 
ਕੀ ਕਹਿਣੈ ਰਾਣਾ ਸੋਢੀ ਦੇ ਬੇਟੇ ਦਾ
ਇਸ ਮਾਮਲੇ ਸੰਬੰਧੀ ਰਾਣਾ ਸੋਢੀ ਦੇ ਬੇਟੇ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਨੁਮੀਤ ਸਿੰਘ ਹੀਰਾ ਸੋਢੀ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਇਸ ਮਾਮਲੇ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਅਤੇ ਇਹ ਸਿਰਫ ਸਿਆਸੀ ਰੰਜਿਸ਼ ਦਾ ਮਾਮਲਾ ਹੈ। 
ਪਰਚਾ ਦਰਜ ਹੋਇਐ ਤਾਂ ਮਾਮਲਾ ਸਾਬਤ ਹੋਵੇਗਾ
ਇਸ ਮਾਮਲੇ ''ਚ ਜ਼ਿਲਾ ਪੁਲਸ ਮਨਮਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਈ ਮਾਮਲਾ ਦਰਜ ਹੁੰਦਾ ਹੈ ਜਾਂ ਕੋਈ ਵਿਅਕਤੀ ਕਿਸੇ ਮਾਮਲੇ ''ਚ ਨਾਮਜ਼ਦ ਹੁੰਦਾ ਹੈ ਤਾਂ ਇਸ ਗੱਲ ਦਾ ਕੋਈ ਨਾ ਕੋਈ ਸਬੂਤ ਤਾਂ ਹੁੰਦਾ ਹੀ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਵੀ ਸਬੂਤ ਮਿਲਣ ''ਤੇ ਹੀ ਉਸ ਨੂੰ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਦੀ ਕਿਸੇ ਨਾਲ ਕੋਈ ਨਿਜੀ ਰੰਜਿਸ਼ ਨਹੀਂ ਹੁੰਦੀ।

Babita Marhas

This news is News Editor Babita Marhas