ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੈਪਟਨ ਸਰਕਾਰ ਨਿਰੰਤਰ ਯਤਨਸ਼ੀਲ: ਰਾਣਾ ਗੁਰਜੀਤ

07/10/2017 1:00:43 PM

ਕਪੂਰਥਲਾ(ਮੱਲ੍ਹੀ)— ਬਿਜਲੀ ਅਤੇ ਸਿੰਚਾਈ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਆਪਣੇ 100 ਦਿਨਾਂ ਦੇ ਕਾਰਜਕਾਲ ਦੌਰਾਨ ਆਪਣੇ ਚੋਣ ਮੈਨੀਫੈਸਟੋ 'ਚ ਕੀਤੇ ਬਹੁਤ ਸਾਰੇ ਚੋਣ ਵਾਅਦੇ ਪੂਰੇ ਕੀਤੇ ਹਨ ਅਤੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਕੈਪਟਨ ਸਰਕਾਰ ਤਨਦੇਹੀ ਨਾਲ ਨਿਰੰਤਰ ਯਤਨਸ਼ੀਲ ਹੈ। 
ਐੱਸ. ਵਾਈ. ਐੱਲ. ਦੇ ਮਾਮਲੇ ਨੂੰ ਲੈ ਕੇ ਹਰਿਆਣਾ 'ਚ ਇਨੈਲੋ ਵੱਲੋਂ ਕੀਤੇ ਜਾ ਰਹੇ ਵਿਰੋਧ ਸੰਬੰਧੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਨੈਲੋ ਅਤੇ ਬਾਦਲ ਪਰਿਵਾਰ ਮਿਲ ਕੇ ਉਦੋਂ ਹੀ ਐੱਸ. ਵਾਈ. ਐੱਲ. ਨਹਿਰ ਦਾ ਮੁੱਦਾ ਉਠਾ ਕੇ ਮਾਹੌਲ ਖਰਾਬ ਕਰਦੇ ਹਨ, ਜਦੋਂ ਪੰਜਾਬ 'ਚ ਕਾਂਗਰਸ ਪਾਰਟੀ ਸੱਤਾ ਸੰਭਾਲਦੀ ਹੈ, ਜਦਕਿ ਪਿਛਲੇ 10 ਵਰ੍ਹੇ ਇਨੈਲੋ ਨੂੰ ਐੱਸ. ਵਾਈ. ਐੱਲ. ਦਾ ਮੁੱਦਾ ਚੇਤੇ ਨਹੀਂ ਆਇਆ। 
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਇਹ ਪੱਥਰ 'ਤੇ ਲਕੀਰ ਵਾਲਾ ਫੈਸਲਾ ਹੈ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਬੂੰਦ ਵੀ ਬਾਹਰ ਨਹੀਂ ਜਾਣ ਦਿਆਂਗੇ। ਰਾਣਾ ਗੁਰਜੀਤ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਐੱਸ. ਵਾਈ. ਐੱਲ. ਦੇ ਸੰਵੇਦਨਸ਼ੀਲ ਮਾਮਲੇ ਨੂੰ ਕੇਂਦਰ ਸਰਕਾਰ, ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਗੱਲਬਾਤ ਰਾਹੀਂ ਸੁਲਝਾਉਣ ਲਈ ਯਤਨਸ਼ੀਲ ਹਨ ਤਾਂ ਇਸ ਹਾਲਾਤ 'ਚ ਪੰਜਾਬ ਦੇ ਰਸਤੇ ਰੋਕਣ ਦਾ ਐਲਾਨ ਕਰਨਾ ਸਿਆਸੀ ਰੋਟੀਆਂ ਸੇਕਣ ਤੋਂ ਵੱਧ ਹੋਰ ਕੁਝ ਨਹੀਂ ਹੈ।