ਰਾਣਾ ਗੁਰਜੀਤ ਸਿੰਘ ਖਿਲਾਫ ਨਿਆਇਕ ਜਾਂਚ ਦੇ ਹੁਕਮ, ਕੀਤੀ ਅਸਤੀਫੇ ਦੀ ਪੇਸ਼ਕਸ਼

05/29/2017 6:16:59 PM

ਚੰਡੀਗੜ੍ਹ : ਰੇਤ ਖੱਡ ਨਿਲਾਮੀ ਕਾਰਨ ਵਿਵਾਦਾਂ ''ਚ ਘਿਰੇ ਕੈਬਨਿਟ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਰਾਣਾ ਗੁਰਜੀਤ ਸਿੰਘ ਖਿਲਾਫ ਪੰਜਾਬ ਸਰਕਾਰ ਨੇ ਨਿਆਇਕ ਜਾਂਚ ਦੇ ਹੁਕਮ ਦਿੱਤੇ ਹਨ। ਇਸ ਜਾਂਚ ਦੀ ਜ਼ਿੰਮੇਵਾਰੀ ਰਿਟਾਇਰਡ ਜਸਟਿਸ ਜੇ. ਐੱਸ. ਨਾਰੰਗ ਨੂੰ ਸੌਂਪੀ ਗਈ ਹੈ। ਰਿਟਾਇਰਡ ਜਸਟਿਸ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਇਸ ਮਾਮਲੇ ਦੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।
ਦੂਜੇ ਪਾਸੇ ਵਿਵਾਦਾਂ ''ਚ ਘਿਰੇ ਰਾਣਾ ਗੁਰਜੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ। ਰਾਣਾ ਨੇ ਕਿਹਾ ਕਿ ਉਹ ਇਸ ਮਾਮਲੇ ''ਚ ਨਿਰਪੱਖ ਜਾਂਚ ਚਾਹੁੰਦੇ ਹਨ ਜਿਸ ਲਈ ਉਹ ਅਹੁਦੇ ਤੋਂ ਅਸਤੀਫੇ ਦੇ ਪੇਸ਼ਕਸ਼ ਕਰਦੇ ਹਨ। ਰਾਣਾ ਗੁਰਜੀਤ ਦੀ ਇਸ ਪੇਸ਼ਕਸ਼ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਦਾ ਅਸਤੀਫਾ ਨਾ-ਮਨਜ਼ੂਰ ਕਰ ਲਿਆ ਹੈ।
ਦੱਸਣਯੋਗ ਹੈ ਕਿ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਆਪਣੇ ਕਰੀਬੀਆਂ ਨੂੰ ਰੇਤ ਖੱਡ ਦਿਵਾਉਣ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਤੋਂ ਬਾਅਦ ਵਿਰੋਧੀਆਂ ਵਲੋਂ ਲਗਾਤਾਰ ਰਾਣਾ ਗੁਰਜੀਤ ''ਤੇ ਨਿਸ਼ਾਨਾ ਸਾਧਿਆ ਜਾ ਰਿਹਾ ਸੀ।

Gurminder Singh

This news is Content Editor Gurminder Singh