ਵਿਸਥਾਰ ਦੀ ਬਜਾਏ ਘਟਿਆ ਕੈਪਟਨ ਅਮਰਿੰਦਰ ਸਿੰਘ ਦਾ ਮੰਤਰੀਮੰਡਲ

01/16/2018 6:45:18 PM

ਜਲੰਧਰ/ਕਪੂਰਥਲਾ— ਪੰਜਾਬ ਦੀ ਸਿਆਸਤ 'ਚ ਸ਼ਾਂਤੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਫਿਰ ਭਾਵੇਂ ਉਹ ਸਰਕਾਰ ਅਕਾਲੀਆਂ ਦੀ ਹੋਵੇ ਜਾਂ ਫਿਰ ਕਾਂਗਰਸ ਦੀ। ਸਰਕਾਰ ਬਣਦੇ ਹੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣਾ ਤਾਂ ਬਾਅਦ ਦੀ ਗੱਲ ਹੁੰਦੀ ਹੈ, ਵਿਵਾਦਾਂ 'ਚ ਘਿਰਣਾ ਸਰਕਾਰਾਂ ਲਈ ਆਮ ਗੱਲ ਹੋ ਗਈ ਹੈ। ਅਕਾਲੀਆਂ ਦੀ ਸਰਕਾਰ ਬਣਦੇ ਹੀ ਜਿਵੇਂ ਬੀਬੀ ਜਾਗੀਰ ਕੌਰ ਨੂੰ ਅਸਤੀਫਾ ਦੇਣਾ ਪਿਆ ਸੀ, ਉਸੇ ਤਰ੍ਹਾਂ ਕੈਪਟਨ ਦੀ ਸਰਕਾਰ ਬਣਦੇ ਹੀ ਕਾਂਗਰਸ ਕੈਬਨਿਟ ਦੇ ਸਭ ਤੋਂ ਮਜ਼ਬੂਤ ਮੰਨੇ ਜਾਣ ਵਾਲੇ ਮੰਤਰੀ ਰਾਣਾ ਗੁਰਜੀਤ ਨੂੰ ਅਸਤੀਫਾ ਦੇਣਾ ਪਿਆ। ਗੁਰਜੀਤ ਦੇ ਅਸਤੀਫੇ ਦੀ ਮੰਗ ਜਿੱਥੇ ਪੂਰੀ ਹੋਈ, ਉਥੇ ਹੀ ਦੋਆਬਾ ਨੂੰ ਆਪਣਾ ਇਕਲੌਤਾ ਕਾਂਗਰਸੀ ਮੰਤਰੀ ਖੋਹਣਾ ਪਿਆ। ਹਾਲਾਂਕਿ ਇਸ 'ਤੇ ਫੈਸਲਾ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਰਾਸ਼ਟਰੀ ਮੁਖੀ ਰਾਹੁਲ ਗਾਂਧੀ ਨੂੰ ਲੈਣਾ ਹੈ। ਫਿਰ ਵੀ ਮੰਨਿਆ ਜਾ ਰਿਹਾ ਹੈ ਕਾਂਗਰਸ ਨੂੰ ਆਪਣਾ ਅਕਸ ਸੁਧਾਰਣ ਲਈ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰਨਾ ਪਵੇਗਾ। 
ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਸਭ ਤੋਂ ਅਮੀਰ ਉਮੀਦਵਾਰ ਦੇ ਤੌਰ 'ਤੇ ਉਭਰੇ ਚੀਨੀ ਵਪਾਰੀ ਰਾਣਾ ਗੁਰਜੀਤ ਸਿੰਘ ਨੇ ਕਪੂਰਥਲਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤ ਦਰਜ ਕੀਤੀ। ਰਾਣਾ ਗੁਰਜੀਤ ਉੱਤਰ-ਪ੍ਰਦੇਸ਼ ਅਤੇ ਪੰਜਾਬ 'ਚ ਡਿਸਟਿਲਰੀ ਅਤੇ ਖੰਡ ਮਿੱਲਾਂ ਦੇ ਮਾਲਕ ਵੀ ਹਨ। ਰਾਣਾ ਨੇ ਚੋਣਾਂ ਦੌਰਾਨ ਪਤਨੀ ਦੇ ਨਾਲ, ਆਪਣੀ ਜਾਇਦਾਦ 169.88 ਕਰੋੜ ਰੁਪਏ ਐਲਾਨ ਕੀਤੀ ਸੀ ਜੋ 2012 ਦੇ 68.46 ਕਰੋੜ ਤੋਂ ਦੁੱਗਣੀ ਹੋਈ। ਵਪਾਰੀ ਤੋਂ ਰਾਜਨੇਤਾ ਬਣੇ ਰਾਣਾ ਗੁਰਜੀਤ ਹਿਮਾਚਲ ਪ੍ਰਦੇਸ਼ ਤੋਂ ਮ੍ਰੈਟਿਕ ਪਾਸ ਹਨ। ਰਾਣਾ ਨੂੰ 1,941 ਉਮੀਦਵਾਰਾਂ ਦੀ ਸੂਚੀ 'ਚ ਸਭ ਤੋਂ ਉੱਪਰ ਰਹੇ। 
ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਰੇਤ ਖਾਨਾਂ ਦੀ ਨੀਲਾਮੀ 'ਚ ਆਪਣੀਆਂ ਹੀ ਕੰਪਨੀਆਂ ਨੂੰ ਠੇਕਿਆਂ ਦੀ ਵੰਡ ਨੂੰ ਲੈ ਕੇ ਜਿੱਥੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਸਨ, ਉਥੇ ਹੀ ਵਿਰੋਧੀ ਧਿਰ ਦੇ ਵੀ ਨਿਸ਼ਾਨੇ 'ਤੇ ਸਨ। ਇਸ ਨਾਲ ਸਰਕਾਰ ਦੇ ਅਕਸ 'ਤੇ ਵੀ ਅਸਰ ਪੈ ਰਿਹਾ ਸੀ। ਹਾਲ ਹੀ 'ਚ ਈ. ਡੀ.(ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਉਨ੍ਹਾਂ ਦੇ ਬੇਟੇ ਨੂੰ ਨੋਟਿਸ ਜਾਰੀ ਕੀਤਾ ਹੈ। ਅਜਿਹੇ 'ਚ ਸਰਕਾਰ ਨੂੰ ਸ਼ਰਮਿੰਦਗੀ ਤੋਂ ਬਚਾਉਣ ਉਨ੍ਹਾਂ ਨੇ ਅਹੁਦੇ ਤੋਂ ਅਸਤੀਫਾ ਦੇਣ ਦਾ ਬਦਲ ਚੁਣਿਆ। 
ਰੇਤ ਖਾਨਾਂ ਦੀ ਨੀਲਾਮੀ 'ਚ ਮੰਤਰੀ ਦੀ ਕੰਪਨੀ 'ਚ ਰਸੋਈਏ ਦੇ ਰੂਪ 'ਚ ਵਰਕਰ ਨੇਪਾਲੀ ਮੂਲ ਦੇ ਅਮਿਤ ਬਹਾਦੁਰ ਨੇ ਵੀ ਕਈ ਵੱਡੇ ਠੇਕੇਦਾਰਾਂ ਨੂੰ ਪਟਖਾਨੀ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਜ਼ਿਲੇ 'ਚ ਸੈਦਪੁਰ ਖੁਰਦ ਪਿੰਡ 'ਚ ਲਗਭਗ ਸਾਢੇ 26 ਕਰੋੜ ਰੁਪਏ ਦਾ ਰੇਤ ਖਨਣ ਦਾ ਠੇਕਾ ਲਿਆ ਸੀ ਜਦਕਿ ਆਰਥਿਕ ਰੂਪ ਨਾਲ ਉਸ ਦੀ ਅਜਿਹੀ ਹੈਸੀਅਤ ਨਹੀਂ ਸੀ। ਕੰਪਨੀ ਦੇ ਤਿੰਨ ਕਰਮਚਾਰੀਆਂ ਨੂੰ ਵੀ ਕਥਿਤ ਤੌਰ 'ਤੇ ਰੇਤ ਖਨਣ ਦੇ ਠੇਕੇ ਮਿਲੇ ਸਨ। ਇਸ ਮਾਮਲੇ ਤੋਂ ਬਾਅਦ ਰੇਤ ਖਾਨਾਂ ਦੀ ਵੰਡ 'ਚ ਧਾਂਧਲੀ ਹੋਣ ਨੂੰ ਲੈ ਕੇ ਮੰਤਰੀ ਅਤੇ ਸੂਬੇ ਦੀ ਸਮੁੱਚੀ ਕਾਂਗਰਸ ਸਰਕਾਰ ਵਿਰੋਧੀ ਰਾਜਨੀਤਕ ਦਲਾਂ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋੜ ਦੇ ਨਿਸ਼ਾਨੇ 'ਤੇ ਆ ਗਈ ਸੀ। ਇਹ ਮਾਮਲਾ ਵਿਧਾਨਸਭਾ 'ਚ ਵੀ ਜ਼ੋਰ ਨਾਲ ਗੂੰਜਿਆਂ ਸੀ, ਜਿਸ 'ਚ ਵਿਰੋਧੀ ਧਿਰ ਦੇ ਮੰਤਰੀ ਅਤੇ ਸਰਕਾਰ 'ਤੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਸਨ। 
ਤੁਹਾਨੂੰ ਦੱਸ ਦਈਏ ਰਾਣਾ ਗੁਰਜੀਤ ਦਾ ਅਸਤੀਫਾ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਮੁੱਖ ਮੰਤਰੀ ਕੈਬਨਿਟ ਵਿਸਥਾਰ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ 16 ਜਨਵਰੀ ਨੂੰ ਪਾਰਟੀ ਦੇ ਰਾਸ਼ਟਰੀ ਮੁਖੀ ਰਾਹੁਲ ਗਾਂਧੀ ਨਾਲ ਦਿੱਲੀ 'ਚ ਮੁਲਾਕਾਤ ਕਰਨ ਲਈ ਗਏ ਹਨ। ਇਸੇ ਬੈਠਕ ਨੂੰ ਲੈ ਕੇ ਮੰਤਰੀ ਦੇ ਅਸਤੀਫੇ ਨੂੰ ਮਨਜ਼ੂਰ ਕਰਨ ਅਤੇ ਮੰਤਰੀਮੰਡਲ 'ਚ ਸ਼ਾਮਲ ਕੀਤੇ ਜਾਣ ਨਵੇਂ ਚਿਹਰਿਆਂ ਨੂੰ ਲੈ ਕੇ ਚਰਚਾ ਅਤੇ ਫੈਸਲਾ ਲਿਆ ਜਾਵੇਗਾ।