ਪੀ. ਟੀ. ਸੀ. ਚੈਨਲ 'ਤੇ ਕਬੱਡੀ ਲੀਗ ਦੇ ਲਾਈਵ ਤੋਂ ਕਾਂਗਰਸੀ ਨਾਰਾਜ਼ (ਵੀਡੀਓ)

10/15/2018 1:51:05 PM

ਜਲੰਧਰ : ਪੰਜਾਬ ਸਰਕਾਰ ਵਲੋਂ ਕਰਵਾਈ ਜਾ ਰਹੀ ਕਬੱਡੀ ਲੀਗ ਵਿਵਾਦਾਂ 'ਚ ਘਿਰ ਗਈ ਹੈ। ਇਹ ਵਿਵਾਦ ਨੂੰ ਜਨਮ ਕਿਸੇ ਹੋਰ ਨੇ ਨਹੀਂ ਸਗੋਂ ਕਾਂਗਰਸ ਦੇ ਹੀ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਸੁਸ਼ੀਲ ਰਿੰਕੂ ਅਤੇ ਲਾਡੀ ਸ਼ੇਰੋਵਾਲੀਆ ਵਲੋਂ ਦਿੱਤਾ ਗਿਆ ਹੈ। ਦਰਅਸਲ ਬੀਤੇ ਦਿਨੀਂ ਕਬੱਡੀ ਲੀਗ ਦੀ ਸ਼ੁਰੂਆਤ ਜਲੰਧਰ ਤੋਂ ਹੋਈ ਸੀ ਜਿਸ ਦਾ ਲਾਈਵ ਟੈਲੀਕਾਸਟ ਸੁਖਬੀਰ ਸਿੰਘ ਬਾਦਲ ਦੇ ਚੈਨਲ ਪੀ. ਟੀ. ਸੀ. ਨਿਊਜ਼ 'ਤੇ ਕੀਤਾ ਜਾ ਰਿਹਾ ਹੈ। ਇਸ ਦੀ ਭਿਣਕ ਜਦੋਂ ਉਪਰੋਕਤ ਕਾਂਗਰਸੀ ਲੀਡਰਾਂ ਨੂੰ ਪਈ ਤਾਂ ਉਨ੍ਹਾਂ ਨੇ ਗਰਾਊਂਡ ਵਿਚ ਪੀ. ਟੀ. ਸੀ. ਚੈਨਲ ਦੇ ਲੱਗੇ ਹੋਏ ਬੋਰਡ ਦੇਖ ਕੇ ਗੁੱਸਾ ਮਨਾਇਆ ਅਤੇ ਪ੍ਰੋਗਰਾਮ ਛੱਡ ਕੇ ਬਾਹਰ ਆ ਗਏ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਨੇ ਕਿਹਾ ਕਿ ਸਾਨੂੰ ਕਬੱਡੀ ਲੀਗ 'ਤੇ ਕੋਈ ਇਤਰਾਜ਼ ਨਹੀਂ ਹੈ। ਇਹ ਸਰਕਾਰ ਦਾ ਚੰਗਾ ਉਪਰਾਲਾ ਹੈ ਪਰ ਜਿਸ ਚੈਨਲ ਦੇ ਖਿਲਾਫ ਅਸੀਂ ਪਿਛਲੇ 10 ਸਾਲ ਤੋਂ ਬੋਲ ਰਹੇ ਹਾਂ ਅਤੇ ਜਿਸ ਚੈਨਲ ਨੇ ਕਾਂਗਰਸ ਖਿਲਾਫ ਰੱਜ ਕੇ ਪ੍ਰਚਾਰ ਕੀਤਾ ਹੈ ਅੱਜ ਉਸੇ ਚੈਨਲ ਨੂੰ ਸਾਡੀ ਸਰਕਾਰ ਦੇ ਹੁੰਦਿਆਂ ਸਾਡੀ ਹੀ ਸਰਕਾਰ ਦੀ ਕਬੱਡੀ ਲੀਗ ਦੇ ਅਧਿਕਾਰ ਦਿੱਤੇ ਗਏ ਹਨ ਜੋ ਕਿ ਨਾ-ਬਰਦਾਸ਼ਤ ਕਰਨ ਯੋਗ ਹੈ।