ਰਾਣਾ ਗੁਰਜੀਤ ਦਾ ਅਸਤੀਫਾ ''ਆਪ'' ਦੀ ਜਿੱਤ : ਖਹਿਰਾ

01/16/2018 7:09:06 PM

ਚੰਡੀਗੜ੍ਹ : ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਕੀਤੀ ਗਈ ਅਸਤੀਫੇ ਦੀ ਪੇਸ਼ਕਸ਼ ਨੂੰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਸੱਚ ਅਤੇ ਲੋਕਾਂ ਦੀ ਜਿੱਤ ਕਰਾਰ ਦਿੱਤਾ ਹੈ। ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਆਗੂਆਂ ਖਿਲਾਫ ਜਮ ਕੇ ਲੜਾਈ ਲੜੀ ਇਸ ਦਾ ਹੀ ਸਿੱਟਾ ਹੈ ਕਿ ਇਕ ਭ੍ਰਿਸ਼ਟਾਚਾਰ ਦੇ ਮੁਜੱਸਮੇ ਵਰਗੇ ਆਗੂ ਨੂੰ ਜਨਤਾ ਸਾਹਮਣੇ ਝੁਕਣਾ ਪਿਆ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ 4 ਜਨਵਰੀ ਨੂੰ ਹੀ ਪਹੁੰਚ ਗਿਆ ਸੀ ਪਰ ਫਿਰ ਵੀ ਕੈਪਟਨ ਨੇ ਆਪਣੇ ਇਸ ਚਹੇਤੇ ਲੀਡਰ 'ਤੇ ਕੋਈ ਫੈਸਲਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕੈਪਟਨ ਅਜੇ ਵੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਸਵਿਕਾਰ ਨਾ ਕਰਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ।
ਖਹਿਰਾ ਨੇ ਕਿਹਾ ਕਿ ਕੈਪਟਨ ਆਪਣੇ ਇਸ ਰਤਨ ਨੂੰ ਬਚਾਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਖਹਿਰਾ ਨੇ ਰਾਣਾ ਗੁਰਜੀਤ ਸਿੰਘ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।
ਖਹਿਰਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਣਾ ਗੁਰਜੀਤ ਸਿੰਘ ਕੈਪਟਨ ਦਾ ਫੰਡ ਮੈਨੇਜਰ ਹੈ ਅਤੇ ਕਰੋੜਾਂ ਰੁਪਏ ਦਾ ਫੰਡ ਕੈਪਟਨ ਆਪਣੇ ਇਸ ਮੰਤਰੀ ਤੋਂ ਲੈਂਦਾ ਹੈ। ਇਹੀ ਕਾਰਨ ਹੈ ਕਿ ਕੈਪਟਨ ਇਸ 'ਤੇ ਐਕਸ਼ਨ ਨਹੀਂ ਲੈ ਰਿਹਾ। ਖਹਿਰਾ ਨੇ ਕਿਹਾ ਕਿ ਜਦੋਂ ਰੇਤ ਖੱਡ ਮਾਮਲੇ ਵਿਚ ਰਾਣਾ ਗੁਰਜੀਤ ਸਿੰਘ ਦਾ ਨਾਮ ਸਾਹਮਣੇ ਆਇਆ ਸੀ ਜੇਕਰ ਉਦੋਂ ਹੀ ਮੁੱਖ ਮੰਤਰੀ ਇਸ ਖਿਲਾਫ ਕਾਰਵਾਈ ਕਰ ਲੈਂਦੇ ਤਾਂ ਉਨ੍ਹਾਂ ਦੀ ਵਾਹ-ਵਾਹ ਹੋਣੀ ਸੀ ਪਰ ਕੈਪਟਨ ਨੇ ਲਾਲਚ ਵਸ ਕੋਈ ਕਦਮ ਨਹੀਂ ਚੁੱਕਿਆ। ਨਾਲ ਹੀ ਖਹਿਰਾ ਨੇ ਕੈਪਟਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਭਾਵੇਂ ਉਹ ਰਾਣਾ ਗੁਰਜੀਤ ਸਿੰਘ ਨੂੰ ਬਚਾਉਣ ਦੀ ਪੂਰੀ ਵਾਹ ਲਗਾ ਲੈਣ ਆਮ ਆਦਮੀ ਪਾਰਟੀ ਇਸ ਭ੍ਰਿਸ਼ਟ ਨੇਤਾ ਦਾ ਪਿੱਛਾ ਨਹੀਂ ਛੱਡੇਗੀ।
ਖਹਿਰਾ ਨੇ ਕਿਹਾ ਕਿ ਕੈਪਟਨ ਰਾਣਾ ਗੁਰਜੀਤ ਸਿੰਘ ਖਿਲਾਫ ਕਾਰਵਾਈ ਨਾ ਕਰਕੇ ਭ੍ਰਿਸ਼ਟਾਚਾਰ ਨੂੰ ਬੜਾਵਾ ਦੇ ਰਹੇ ਹਨ। ਜਦਕਿ ਹੁਣ ਨਵੇਂ ਬਣੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਲਈ ਇਮਤਿਹਾਨ ਦੀ ਘੜੀ ਹੈ ਅਤੇ ਦੇਖਣਾ ਹੋਵੇਗਾ ਕਿ ਰਾਹੁਲ ਵੀ ਕੈਪਟਨ ਵਾਂਗ ਭ੍ਰਿਸ਼ਟਾਚਾਰ ਨੂੰ ਪ੍ਰਮੋਟ ਕਰਦੇ ਹਨ ਜਾਂ ਅਜਿਹੇ ਦਾਗੀ ਆਗੂ ਖਿਲਾਫ ਕਾਰਵਾਈ ਕਰਦੇ ਹਨ। ਖਹਿਰਾ ਨੇ ਕਿਹਾ ਕਿ ਰੇਤ ਨਿਲਾਮੀ ਖੱਡ ਮਾਮਲੇ ਦੀ ਜਾਂਚ ਕਰਨ ਲਈ ਬਣਾਇਆ ਗਿਆ ਨਾਰੰਗ ਕਮਿਸ਼ਨ ਵੀ ਮਰਜ਼ੀ ਨਾਲ ਬਣਾਇਆ ਗਿਆ ਸੀ। ਰਾਣਾ ਗੁਰਜੀਤ ਸਿੰਘ ਦੇ ਜਸਟਿਸ ਨਾਰੰਗ ਨਾਲ ਪਰਿਵਾਰਕ ਰਿਸ਼ਤੇ ਸਨ, ਇਸੇ ਲਈ ਇਸ ਕਮਿਸ਼ਨ ਵਲੋਂ ਰਾਣਾ ਨੂੰ ਕਲੀਨ ਚਿੱਟ ਦੇ ਦਿੱਤੀ ਗਈ। ਖਹਿਰਾ ਨੇ ਦੋਸ਼ ਲਗਾਏ ਕਿ ਰਾਣਾ ਗੁਰਜੀਤ ਸਿੰਘ ਨੇ ਸਾਊਥ ਅਫਰੀਕਾ ਵਿਚ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਹੈ ਅਤੇ ਇਸ ਸਾਰੇ ਮਾਮਲੇ ਵਿਚ ਸੀ. ਬੀ. ਆਈ. ਜਾਂਚ ਹੋਣੀ ਚਾਹੀਦੀ ਹੈ।
ਨਾਲ ਹੀ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਆਪਣੀ ਪਾਵਰ ਅਤੇ ਅਹੁਦੇ ਦੀ ਗਲਤ ਵਰਤੋਂ ਕਰਕੇ ਉਨ੍ਹਾਂ 'ਤੇ ਨਸ਼ਾ ਤਸਕਰੀ ਦੇ ਝੂਠੇ ਦੋਸ਼ ਲਗਾ ਕੇ ਫਸਾਇਆ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਕਿਸ ਤਰ੍ਹਾਂ ਫਸਾਇਆ ਗਿਆ ਇਸ ਦੇ ਉਨ੍ਹਾਂ ਕੋਲ ਪੂਰੇ ਸਬੂਤ ਹਨ। ਖਹਿਰਾ ਨੇ ਕਿਹਾ ਕਿ ਉਹ ਸਾਬਤ ਕਰਕੇ ਦਿਖਾਉਣਗੇ ਕਿ ਕਿਸ ਤਰ੍ਹਾਂ ਰਾਣਾ ਗੁਰਜੀਤ ਸਿੰਘ ਨੇ ਪੁਲਸ ਦਾ ਜਾਲ ਵਿਛਾ ਕੇ ਉਨ੍ਹਾਂ ਨੂੰ ਫਸਾਇਆ। ਇਸ ਮਾਮਲੇ ਵਿਚ ਉਨ੍ਹਾਂ ਕੋਲ ਸਾਰੇ ਤੱਥ ਮਜੂਦ ਹਨ ਅਤੇ ਸਮਾਂ ਆਉਣ 'ਤੇ ਉਹ ਇਸ ਦਾ ਖੁਲਾਸਾ ਕਰਨਗੇ।