ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ''ਸਰਕਾਰੀ ਕੋਠੀ'' ਖਾਲੀ ਕਰਨ ਦਾ ਨੋਟਿਸ

04/27/2018 11:59:12 AM

ਚੰਡੀਗੜ੍ਹ : ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਰੀਬ 4 ਮਹੀਨੇ ਪਹਿਲਾਂ 16 ਜਨਵਰੀ ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਉਹ ਸਰਕਾਰੀ ਕੋਠੀ ਦਾ ਮੋਹ ਨਹੀਂ ਛੱਡ ਸਕੇ। ਪ੍ਰਸ਼ਾਸਨ ਵਲੋਂ ਕੋਠੀ ਛੱਡਣ ਲਈ ਭੇਜੇ ਗਏ ਪਹਿਲੇ ਨੋਟਿਸ ਦਾ ਰਾਣਾ ਗੁਰਜੀਤ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ ਸੀ ਪਰ ਹੁਣ ਵਿਭਾਗ ਨੇ ਸੈਕਟਰ-7 ਸਥਿਤ ਸਰਕਾਰੀ ਕੋਠੀ ਨੰਬਰ-69 ਨਵੇਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਅਲਾਟ ਕਰ ਦਿੱਤੀ ਹੈ। 
ਵਿਭਾਗ ਨੇ ਸਿੱਖਿਆ ਮੰਤਰੀ ਨੂੰ ਕੋਠੀ ਅਲਾਟ ਕਰਨ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ ਨੂੰ ਦੁਬਾਰਾ ਪੱਤਰ ਲਿਖ ਕੇ ਕੋਠੀ ਖਾਲੀ ਕਰਨ ਨੂੰ ਕਿਹਾ ਹੈ। ਚੰਡੀਗੜ੍ਹ ਦੇ ਬਹੁਤ ਮਹੱਤਵਪੂਰਨ ਸੈਕਟਰ-4, ਐੱਮ. ਐੱਲ. ਏ. ਹੋਸਟਲ ਦੇ ਨਜ਼ਦੀਕ ਉਨ੍ਹਾਂ ਦਾ ਆਪਣਾ ਵੱਡਾ ਬੰਗਲਾ ਹੈ। ਆਪਣੀ ਰਿਹਾਇਸ਼ ਹੋਣ ਦੇ ਬਾਵਜੂਦ ਸਾਬਕਾ ਮੰਤਰੀ ਦਾ ਸਰਕਾਰੀ ਕੋਠੀ ਖਾਲੀ ਨਾ ਕਰਨਾ ਸਵਾਲ ਖੜ੍ਹੇ ਕਰਦਾ ਹੈ।
ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਸਿੰਘ ਰੇਤ ਦੀ ਖੱਡ ਲੈਣ ਦੇ ਮਾਮਲੇ 'ਚ ਬੁਰੀ ਤਰ੍ਹਾਂ ਘਿਰ ਗਏ ਸਨ। 
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਸਮੇਤ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ 'ਤੇ ਸਰਕਾਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਕੈਪਟਨ ਸਰਕਾਰ ਦੀ ਵੱਡੇ ਪੱਧਰ 'ਤੇ ਬਦਨਾਮੀ ਹੋਣ ਦੇ ਕਾਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਣਾ ਗੁਰਜੀਤ ਸਿੰਘ ਤੋਂ ਅਸਤੀਫਾ ਲੈਣ ਦੇ ਹੁਕਮ ਦਿੱਤੇ। ਇਸ ਤਰ੍ਹਾਂ ਰਾਣਾ ਗੁਰਜੀਤ ਸਿੰਘ ਨੇ 16 ਜਨਵਰੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਸੀ, ਜੋ ਕਿ 18 ਜਨਵਰੀ ਨੂੰ ਮਨਜ਼ੂਰ ਹੋ ਗਿਆ ਸੀ।