ਰਾਣਾ ਗੁਰਜੀਤ ਨੇ ਖਹਿਰਾ ਦੇ ਗ੍ਰਹਿ ਹਲਕੇ ''ਚ ''ਆਪ'' ਨੂੰ ਦਿੱਤੀ ਚੁਣੌਤੀ

08/20/2017 1:56:08 AM

ਜਲੰਧਰ/ਬੇਗੋਵਾਲ  (ਧਵਨ, ਰਜਿੰਦਰ, ਬਬਲਾ) - ਪੰਜਾਬ ਦੇ ਸਿੰਚਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਦੇ ਗ੍ਰਹਿ ਹਲਕੇ ਭੁਲੱਥ 'ਚ ਜਾ ਕੇ ਉਨ੍ਹਾਂ ਨੂੰ ਚੁਣੌਤੀ ਦਿੰਦੇ ਹੋਏ ਸ਼ਨੀਵਾਰ ਕਿਹਾ ਕਿ ਆਮ ਆਦਮੀ ਪਾਰਟੀ ਮੌਕਾਪ੍ਰਸਤ ਅਤੇ ਹੋਰਨਾਂ ਪਾਰਟੀਆਂ ਤੋਂ ਆਏ ਲੋਕਾਂ ਦਾ ਇਕ ਝੁਰਮਟ ਹੈ ਜੋ ਸੂਬੇ ਪ੍ਰਤੀ ਕਦੇ ਵੀ ਵਫਾਦਾਰ ਨਹੀਂ ਹੋ ਸਕਦੇ। ਕਾਂਗਰਸੀ ਆਗੂਆਂ ਵੱਲੋਂ ਆਯੋਜਿਤ ਇਕ ਰੈਲੀ 'ਚ ਬੋਲਦਿਆਂ ਰਾਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਹੈ। ਉਹ ਪੰਜਾਬ ਦੇ ਲੋਕਾਂ ਪ੍ਰਤੀ ਵਚਨਬੱਧ ਵੀ ਨਹੀਂ ਹੈ। ਉਨ੍ਹਾਂ ਖਹਿਰਾ ਦੇ ਨੇੜਲੇ ਆਗੂਆਂ ਨੂੰ ਕਾਂਗਰਸ 'ਚ ਸ਼ਾਮਿਲ ਕਰਦਿਆਂ ਕਿਹਾ ਕਿ 'ਆਪ' ਆਗੂਆਂ ਨੇ ਸੱਤਾ 'ਚ ਆਉਣ ਦਾ ਸੁਪਨਾ ਦੇਖਿਆ ਸੀ ਪਰ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਦਿੱਤਾ ਕਿਉਂਕਿ ਲੋਕਾਂ ਨੂੰ ਪਤਾ ਸੀ ਕਿ 'ਆਪ' ਨੂੰ ਸੱਤਾ ਸੌਂਪਣੀ ਸੂਬੇ ਲਈ ਘਾਤਕ ਹੋਵੇਗੀ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਸੈਂਬਲੀ ਚੋਣਾਂ 'ਚ ਹਾਰਨ ਪਿੱਛੋਂ 'ਆਪ' ਵਿਚ ਟੁੱਟ-ਭੱਜ ਤੇਜ਼ ਹੋ ਗਈ ਹੈ। ਜਿਹੜੇ ਵਿਅਕਤੀ 'ਆਪ' ਪ੍ਰਤੀ ਵਫਾਦਾਰ ਨਹੀਂ ਹਨ, ਉਹ ਸੂਬੇ ਪ੍ਰਤੀ ਕਿਵੇਂ ਵਫਾਦਾਰ ਹੋ ਸਕਦੇ ਹਨ? ਪ੍ਰਵਾਸੀ ਭਾਰਤੀਆਂ ਕੋਲੋਂ ਫੰਡ ਲੈ ਕੇ 'ਆਪ' ਨੇ ਆਪਣੀਆਂ ਸਿਆਸੀ ਸਰਗਰਮੀਆਂ ਚਲਾਈਆਂ। ਹੁਣ ਪ੍ਰਵਾਸੀਆਂ ਨੂੰ ਆਪਣਾ ਪੈਸਾ 'ਆਪ' ਨੂੰ ਦੇਣ ਦੀ ਬਜਾਏ ਸੂਬੇ ਦੇ ਵਿਕਾਸ 'ਤੇ ਖਰਚ ਕਰਨਾ ਚਾਹੀਦਾ ਹੈ। ਕੇਂਦਰ ਦੀ ਰਾਜਗ ਸਰਕਾਰ ਵੱਲੋਂ ਗੁਆਂਢੀ ਸੂਬਿਆਂ ਨੂੰ ਟੈਕਸਾਂ 'ਚ ਦਿੱਤੀ ਛੋਟ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਨੂੰ ਕੇਂਦਰ ਕੋਲ ਉਠਾਏਗੀ।
ਉਨ੍ਹਾਂ ਲੋਕਾਂ ਦੀ ਮੰਗ 'ਤੇ ਕਿਹਾ ਕਿ ਸੋਮਵਾਰ ਤੋਂ ਭੁਲੱਥ ਤੋਂ ਜਲੰਧਰ ਲਈ ਸਿੱਧੀ ਬੱਸ ਸੇਵਾ ਸ਼ੁਰੂ ਹੋਵੇਗੀ। ਇਸ ਮੌਕੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਅਮਨਦੀਪ ਸਿੰਘ ਗੋਰਾ ਗਿੱਲ ਅਤੇ ਹੋਰ ਵੀ ਹਾਜ਼ਰ ਸਨ।