ਬੇਰੀ ਜੀ! ਰਾਮਾ ਮੰਡੀ ਫਲਾਈਓਵਰ ''ਤੇ ਐੱਲ. ਈ. ਡੀ. ਲਾਈਟਾਂ ਤਾਂ ਲਾ ਦਿੱਤੀਆਂ, ਕੂੜੇ ਤੋਂ ਛੁਟਕਾਰਾ ਕਦੋਂ ਮਿਲੇਗਾ?

11/20/2017 7:32:26 AM

ਜਲੰਧਰ, (ਮਹੇਸ਼)- ਰਾਮਾ ਮੰਡੀ ਖੇਤਰ ਵਿਚ ਵਾਸੀਆਂ ਨੇ ਸੈਂਟਰਲ ਹਲਕੇ ਦੇ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੂੰ ਕਿਹਾ ਕਿ ਉਨ੍ਹਾਂ ਨੇ ਰਾਮਾ ਮੰਡੀ ਫਲਾਈਪੁਰ 'ਤੇ ਐੱਲ. ਈ. ਡੀ. ਲਾਈਟਾਂ ਤਾਂ ਲਾ ਦਿੱਤੀਆਂ ਪਰ ਇਥੇ ਸਾਲਾਂ ਤੋਂ ਭਾਰੀ ਗਿਣਤੀ ਵਿਚ ਸੁੱਟੇ ਜਾ ਰਹੇ ਕੂੜੇ ਤੋਂ ਉਹ ਹੁਣ ਛੁਟਕਾਰਾ ਕਦੋਂ ਦਿਵਾਉਣਗੇ। ਐਤਵਾਰ ਨੂੰ ਦੁਪਹਿਰ 2 ਵਜੇ ਰਾਮਾ ਮੰਡੀ ਪੁਲ 'ਤੇ ਭਾਰੀ ਗਿਣਤੀ ਵਿਚ ਪਿਆ ਹੋਇਆ ਕੂੜਾ ਇਥੋਂ ਲੰਘਣ ਵਾਲੇ ਲੋਕਾਂ ਲਈ ਕਾਫੀ ਪ੍ਰੇਸ਼ਾਨੀ ਪੈਦਾ ਕਰ ਰਿਹਾ ਸੀ, ਉਥੇ ਇਸ ਕੂੜੇ ਕਾਰਨ ਜਾਮ ਦੀ ਸਥਿਤੀ ਵੀ ਦੇਖਣ ਨੂੰ ਮਿਲੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਬਹੁਤ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਪਹਿਲਾਂ ਇਹ ਕੂੜਾ ਪੰਜਾਬ ਨੈਸ਼ਨਲ ਬੈਂਕ ਰਾਮਾ ਮੰਡੀ ਦੀ ਪੁਰਾਣੀ ਬ੍ਰਾਂਚ ਦੇ ਬਾਹਰ ਸੁੱਟਿਆ ਜਾਂਦਾ ਸੀ। ਲੋਕਾਂ ਨੇ ਲਗਾਤਾਰ ਇਸ ਦਾ ਵਿਰੋਧ ਕੀਤਾ ਤਾਂ ਕੂੜਾ ਪੁਲ 'ਤੇ ਸੁੱਟਣਾ ਸ਼ੁਰੂ ਕਰ ਦਿੱਤਾ ਗਿਆ। 
ਪਹਿਲਾਂ ਵਿਧਾਇਕ ਰਾਜਿੰਦਰ ਬੇਰੀ ਦੇ ਸਮਰਥਕ ਕੂੜੇ ਨੂੰ ਲੈ ਕੇ ਗਠਜੋੜ ਸਰਕਾਰ ਦੇ ਸਮੇਂ ਹਲਕੇ ਦੇ ਵਿਧਾਇਕ ਮਨੋਰੰਜਨ ਕਾਲੀਆ ਦੇ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕਰਦੇ ਸੀ। ਕਾਂਗਰਸ ਨੇ ਕਾਲੀਆ, ਮੇਅਰ ਦੇ ਖਿਲਾਫ ਪੁਤਲਾ ਸਾੜ ਕੇ ਪ੍ਰਦਰਸ਼ਨ ਵੀ ਕਈ ਵਾਰ ਕੀਤਾ ਅਤੇ ਮੱਝ ਅੱਗੇ ਬੀਨ ਬਜਾਉਣ ਜਿਹੇ ਵਿਰੋਧ ਕੀਤੇ ਗਏ। ਕਾਂਗਰਸ ਦੀ ਸਰਕਾਰ ਬਣੇ 8 ਮਹੀਨੇ ਬੀਤ ਚੁੱਕੇ ਹਨ ਪਰ ਕੂੜੇ ਦੀ ਸਮੱਸਿਆ ਉੱਥੇ ਦੀ ਉੱਥੇ ਹੀ ਹੈ। ਇਸ ਦਾ ਮੌਜੂਦਾ ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਨੇ ਵੀ ਕੋਈ ਹਲ ਨਹੀਂ ਕਰਵਾਇਆ ਹੈ।  ਕਾਲੀਆ ਖਿਲਾਫ ਪ੍ਰਦਰਸ਼ਨ ਕਰਨ ਵਾਲੇ ਕਾਂਗਰਸੀ ਇਸ ਕੂੜੇ ਨੂੰ ਲੈ ਕੇ ਪੂਰੀ ਤਰ੍ਹਾਂ ਚੁੱਪ ਹਨ ਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇ ਉਹ ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਕੁੰਭਕਰਨੀ ਨੀਂਦ ਸੌਂ ਗਏ ਹਨ।