ਜਾਸੂਸੀ ''ਚ ਸ਼ਾਮਲ ਸੀ ਰਾਮ ਰਹੀਮ? ਡੇਰੇ ਤੋਂ ਮਿਲੇ ਸਪਾਈ ਕੈਮਰੇ ਤੇ ਓ. ਬੀ. ਵੈਨ!

11/20/2017 2:11:11 AM

ਚੰਡੀਗੜ੍ਹ  (ਇੰਟ.) - ਡੇਰਾ ਸੱਚਾ ਸੌਦਾ ਦੀ ਘਿਨੌਣੀ ਹਨੇਰੀ ਦੁਨੀਆ ਦੇ ਸਾਲਾਂ ਤੋਂ ਲੁਕੇ ਕਈ ਰਾਜ਼ ਹੁਣ ਹੌਲੀ-ਹੌਲੀ ਸਾਹਮਣੇ ਆ ਰਹੇ ਹਨ। ਰਾਮ ਰਹੀਮ ਬਾਰੇ ਤਾਜ਼ਾ ਖੁਲਾਸਾ ਕੋਰਟ ਕਮਿਸ਼ਨਰ ਵਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸੌਂਪੀ ਗਈ ਡੇਰੇ ਦੀ ਸੈਨੇਟਾਈਜ਼ੇਸ਼ਨ ਰਿਪੋਰਟ ਵਿਚ ਹੋਇਆ ਹੈ। ਕੋਰਟ ਕਮਿਸ਼ਨਰ ਏ. ਕੇ. ਐੱਸ. ਪਵਾਰ ਨੇ 15 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿਚ ਸੌਂਪੀ ਗਈ ਆਪਣੀ ਰਿਪੋਰਟ ਵਿਚ ਕਈ ਖੁਲਾਸੇ ਕੀਤੇ ਹਨ। ਇਸ ਰਿਪੋਰਟ ਵਿਚ ਜਿਹੜਾ ਵੱਡਾ ਖੁਲਾਸਾ ਹੋਇਆ ਹੈ, ਉਹ ਹੈ ਡੇਰੇ ਤੋਂ ਮਿਲੀ ਗੈਰ-ਕਾਨੂੰਨੀ ਓ. ਬੀ. ਵੈਨ ਅਤੇ ਸਪਾਈ ਕੈਮਰੇ।
ਸੂਤਰਾਂ ਅਨੁਸਾਰ ਰਾਮ ਰਹੀਮ ਜਾਸੂਸੀ ਸਰਗਰਮੀਆਂ ਵਿਚ ਸ਼ਾਮਲ ਹੋ ਸਕਦਾ ਹੈ। ਡੇਰੇ ਤੋਂ ਇਕ ਨਹੀਂ ਬਲਕਿ ਕਈ ਸਪਾਈ ਕੈਮਰੇ ਮਿਲੇ ਹਨ। ਇਸ ਤੋਂ ਇਲਾਵਾ ਪੁਲਸ ਨੇ 92 ਪੈਨ ਡਰਾਈਵ ਅਤੇ 65 ਹਾਰਡ ਡਿਸਕਾਂ ਬਰਾਮਦ ਕੀਤੀਆਂ । ਇਸ ਤੋਂ ਇਲਾਵਾ 68 ਹਾਰਡ ਡਿਸਕਾਂ ਅਤੇ 11 ਪੈਨ ਡਰਾਈਵ ਹੋਰ ਵੀ ਬਰਾਮਦ ਕੀਤੀਆਂ ਗਈਆਂ। ਮੰਨਿਆ ਜਾ ਰਿਹਾ ਹੈ ਕਿ ਸੈਨੇਟਾਈਜ਼ੇਸ਼ਨ ਦੌਰਾਨ ਬਰਾਮਦ ਕੀਤੀਆਂ ਗਈਆਂ ਹਾਰਡ ਡਿਸਕਾਂ ਵਿਚ ਜਾਸੂਸੀ ਜਾਂ ਸਟਿੰਗ ਵੀਡੀਓ ਮੌਜੂਦ ਹੋ ਸਕਦੇ ਹਨ, ਜਿਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਰਾਮ ਰਹੀਮ ਜਾਸੂਸੀ ਦੀਆਂ ਸਰਗਰਮੀਆਂ ਵਿਚ ਸ਼ਾਮਲ ਸੀ? ਕੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਵਾਲਾ ਸੀ? ਹੁਣ ਤਕ ਦੀ ਜਾਣਕਾਰੀ ਅਨੁਸਾਰ ਡੇਰੇ ਦਾ ਆਪਣਾ ਕੋਈ ਟੈਲੀਵਿਜ਼ਨ ਚੈਨਲ ਨਹੀਂ ਸੀ ਤਾਂ ਫਿਰ ਉਥੇ ਓ. ਬੀ. ਵੈਨ ਕਿਸ ਮੰਤਵ ਨਾਲ ਰੱਖੀ ਗਈ ਸੀ। ਖੁਦ ਨੂੰ ਗੌਡ ਦਾ ਮੈਸੰਜਰ ਕਹਿਣ ਵਾਲਾ ਆਖਿਰ ਸਪਾਈ ਕੈਮਰਾ ਅਤੇ ਪਿੰਨ ਪਾਕੇਟ ਕੈਮਰਿਆਂ ਨਾਲ ਕਿਸ ਦੀ ਜਾਸੂਸੀ ਕਰਦਾ ਸੀ?
ਸਵਾਲ ਤਾਂ ਕਈ ਖੜ੍ਹੇ ਹੋ ਰਹੇ ਹਨ ਕਿ ਕੀ ਰਾਮ ਰਹੀਮ ਕਿਸੇ ਜਾਸੂਸੀ ਏਜੰਸੀ ਲਈ ਕੰਮ ਕਰਦਾ ਸੀ? ਜਾਂ ਫਿਰ ਉਸ ਦੇ ਆਲੀਸ਼ਾਨ ਰਿਜ਼ਾਰਟ ਵਿਚ ਠਹਿਰਨ ਵਾਲੇ ਖਾਸ ਮਹਿਮਾਨ ਜਿਨ੍ਹਾਂ ਵਿਚ ਪੁਲਸ ਅਫਸਰ ਬਿਊਰੋਕ੍ਰੇਟਸ ਅਤੇ ਨੇਤਾਵਾਂ ਦੇ ਸਟਿੰਗ ਆਪਰੇਸ਼ਨ ਕਰਦਾ ਸੀ। ਡੇਰੇ ਤੋਂ ਮਿਲੀਆਂ ਕਈ ਸ਼ੱਕੀ ਚੀਜ਼ਾਂ ਵਿਚ 29 ਮੋਬਾਇਲ ਫੋਨ ਸ਼ਾਮਲ ਹਨ, ਉਨ੍ਹਾਂ ਵਿਚੋਂ ਇਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। 7 ਤੋਂ 9 ਸਤੰਬਰ ਵਿਚਕਾਰ 3 ਦਿਨ ਤਕ ਚੱਲੀ ਸੈਨੇਟਾਈਜ਼ੇਸ਼ਨ ਡਰਾਈਵ ਵਿਚ ਕੋਰਟ ਕਮਿਸ਼ਨਰ ਅਤੇ ਕਈ ਪੁਲਸ ਅਫਸਰ ਸ਼ਾਮਲ ਸਨ। ਪੁਲਸ ਨੂੰ 7 ਡਾਇਰੀਆਂ ਵੀ ਮਿਲੀਆਂ ਹਨ, ਜਿਨ੍ਹਾਂ ਬਾਰੇ ਕੋਈ ਖੁਲਾਸਾ  ਅਜੇ ਤਕ ਨਹੀਂ ਕੀਤਾ ਗਿਆ।
ਡੇਰਾ ਹਸਪਤਾਲ ਨਾਲ ਸੰਬੰਧਤ 6 ਫਾਈਲਾਂ ਵੀ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੀ ਜਾਂਚ ਹੋਣੀ ਅਜੇ ਬਾਕੀ ਹੈ। ਜੇਲ ਵਿਚ ਬੰਦ ਰਾਮ ਰਹੀਮ ਡੇਰੇ ਦੀ ਛਾਣਬੀਣ ਦੇ ਵੀਡੀਓ ਜਨਤਕ ਹੋਣ ਤੋਂ ਡਰ ਰਿਹਾ ਹੈ। ਉਸ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਬੇਨਤੀ ਕੀਤੀ ਹੈ ਕਿ ਸਤੰਬਰ ਵਿਚ ਕੀਤੀ ਗਈ ਸੈਨੇਟਾਈਜ਼ੇਸ਼ਨ ਡਰਾਈਵ ਦੀ ਵੀਡੀਓ ਫੁਟੇਜ ਨੂੰ ਪ੍ਰਕਾਸ਼ਿਤ ਅਤੇ ਪ੍ਰਸਾਰਤ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਇਸ ਅਰਜ਼ੀ 'ਤੇ ਸੁਣਵਾਈ ਅੱਜ ਕੀਤੀ ਜਾਵੇਗੀ।