ਥਾਈਲੈਂਡ ਅਤੇ ਤਾਇਵਾਨ ''ਚ ਡੇਰਾ ਸਥਾਪਤ ਕਰਨ ਦੀ ਸੀ ਰਾਮ ਰਹੀਮ ਦੀ ਯੋਜਨਾ

11/12/2017 8:10:05 AM

ਜਲੰਧਰ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਲੈ ਕੇ ਹੋ ਰਹੇ ਨਵੇਂ-ਨਵੇਂ ਖੁਲਾਸਿਆਂ 'ਚ ਇਕ ਹੋਰ ਖੁਲਾਸਾ ਜੁੜ ਗਿਆ ਹੈ। ਰਾਮ ਰਹੀਮ ਥਾਈਲੈਂਡ ਅਤੇ ਤਾਇਵਾਨ 'ਚ ਡੇਰਾ ਸਥਾਪਿਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਸੀ। ਰਾਮ ਰਹੀਮ ਥਾਈਲੈਂਡ ਅਤੇ ਤਾਇਵਾਨ 'ਚ ਜ਼ਮੀਨ ਖਰੀਦਣ ਨੂੰ ਲੈ ਕੇ ਪਲਾਨ ਬਣਾ ਰਿਹਾ ਸੀ। ਇਸ ਗੱਲ ਦਾ ਖੁਲਾਸਾ ਰਾਮ ਰਹੀਮ ਦੇ ਡੇਰੇ 'ਚੋਂ ਮਿਲੇ ਇਕ ਕਾਲੇ ਸੂਟਕੇਸ ਤੋਂ ਹੋਇਆ ਹੈ। ਪੁਲਸ ਦੇ ਮੁਤਾਬਕ ਇਹ ਸੂਟਕੇਸ ਰਾਮ ਰਹੀਮ ਦਾ ਹੈ ਜਿਸ ਤੋਂ ਪੁਲਸ ਨੂੰ ਹੋਰ ਵੀ ਮਹੱਤਵਪੂਰਣ ਜਾਣਕਾਰੀ ਮਿਲ ਸਕਦੀ ਹੈ। ਪੁਲਸ ਮਾਮਲੇ ਦੀ ਸਖਤੀ ਨਾਲ ਜਾਂਚ ਕਰ ਰਹੀ ਹੈ। ਪੁਲਸ ਨੂੰ ਸੂਟਕੇਸ 'ਚੋਂ ਯੂਰੋ ਕਰੰਸੀ ਤੋਂ ਇਲਾਵਾ 92 ਪੈੱਨ ਡਰਾਈਵ, 32 ਸੀ.ਡੀ., ਤਸਵੀਰਾਂ, ਕੁਝ ਦਸਤਾਵੇਜ਼, 17 ਵੀਡੀਓ ਕੈਸੇਟ, ਵਿਆਹ ਯੋਗ ਕਈ ਲੜਕੇ-ਲੜਕੀਆਂ ਦਾ ਬਾਇਓ-ਡੈਟਾ, ਇਕ ਲੈਪਟਾਪ, ਥਾਈਲੈਂਡ ਅਤੇ ਤਾਈਵਾਨ ਦੀਆਂ 10 ਕੰਪਿਊਟਰ ਹਾਰਡ ਡਿਸਕ ਵੀ ਬਰਾਮਦ ਹੋਈਆਂ ਹਨ, ਜਿਨ੍ਹਾਂ 'ਚੋਂ ਇਕ ਹਾਰਡ ਡਿਸਕ ਰਾਮ ਰਹੀਮ ਦੇ ਤਾਈਵਾਨ ਦੌਰੇ ਨਾਲ ਸਬੰਧਿਤ ਹੈ।
ਧਿਆਨਯੋਗ ਹੈ ਕਿ ਇਹ ਹਾਰਡ ਡਿਸਕ ਉਨ੍ਹਾਂ 65 ਹਾਰਡ ਡਿਸਕ ਤੋਂ ਇਲਾਵਾ ਹੈ ਜਿਨ੍ਹਾਂ ਨੂੰ ਪੁਲਸ ਬਰਾਮਦ ਕਰ ਚੁੱਕੀ ਹੈ। ਫਿਲਹਾਲ ਪੁਲਸ ਰਾਮ ਰਹੀਮ ਦੇ ਕਾਲੇ ਸੂਟਕੇਸ 'ਚੋਂ ਮਿਲੇ ਸਮਾਨ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਰਡ ਡਿਸਕ 'ਚ ਆਖਿਰ ਹੈ ਕੀ?
ਸ਼ੁਰੂਆਤੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਰਾਮ ਰਹੀਮ ਥਾਈਲੈਂਡ ਅਤੇ ਤਾਇਵਾਨ 'ਚ ਡੇਰਾ ਸਥਾਪਿਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਸੀ। ਉਥੇ ਜ਼ਮੀਨ ਖਰੀਦਣ ਦੀ ਪਲੈਨਿੰਗ ਵੀ ਚਲ ਰਹੀ ਸੀ। ਪੁਲਸ ਦੀ ਮੰਨਿਏ ਤਾਂ ਇਨ੍ਹਾਂ ਹਾਰਡ ਡਿਸਕ 'ਚ ਰਾਮ ਰਹੀਮ ਅਤੇ ਹਨੀਪ੍ਰੀਤ ਦੀਆਂ ਕਈ ਤਸਵੀਰਾਂ ਮੌਜੂਦ ਹਨ। ਸੂਤਰਾਂ ਮੁਤਾਬਕ ਰਾਮ ਰਹੀਮ ਦੀ ਕਨੇਡਾ ਅਤੇ ਮਿਡਲ ਈਸਟ ਦੇ ਕੁਝ ਦੇਸ਼ਾਂ 'ਚ ਜਾਇਦਾਦ ਹੋ ਸਕਦੀ ਹੈ। ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ।
ਦੱਸਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਮਦਨ ਟੈਕਸ ਵਿਭਾਗ ਅਤੇ ਈ.ਡੀ. ਨੂੰ ਰਾਮ ਰਹੀਮ ਦੀ ਜਾਇਦਾਦ ਦੇ ਸਰੋਤ ਜਾਣਨ ਦੇ ਨਿਰਦੇਸ਼ ਦਿੱਤੇ ਹੋਏ ਹਨ। ਆਮਦਨ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਰਿਪੋਰਟ ਸੌਂਪਣ ਲਈ ਕੁਝ ਹੋਰ ਸਮਾਂ ਮੰਗਿਆ ਹੈ। ਡੇਰਾ ਸੱਚਾ ਸੌਦਾ ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਣੀ ਹੈ। ਇਸ ਸੁਣਵਾਈ ਦੇ ਦੌਰਾਨ ਡੇਰਾ ਸੱਚਾ ਸੌਦਾ ਦੀ ਸਾਰੀ ਜਾਇਦਾਦ ਨੂੰ ਵੀ ਅਟੈਚ ਕੀਤਾ ਜਾ ਸਕਦਾ ਹੈ। ਹਾਈ ਕੋਰਟ ਨੇ 25 ਅਗਸਤ ਨੂੰ ਹੋਈ ਸੁਣਵਾਈ ਦੌਰਾਨ ਸਾਰੀ ਜਾਇਦਾਦ ਨੂੰ ਜੋੜਣ ਦੇ ਹੁਕਮ ਜਾਰੀ ਕੀਤੇ ਸਨ ਤਾਂ ਜੋ ਸਰਕਾਰੀ ਅਤੇ ਨਿੱਜੀ ਨੁਕਸਾਨ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।