ਰਾਮ ਰਹੀਮ ਦੇ ਵਕੀਲ ਨੇ ਕੀਤੀ ਅਪੀਲ, ਕਿਹਾ-ਸੇਨੇਟਾਈਜੇਸ਼ਨ ਵੀਡੀਓ ਨਾ ਕੀਤਾ ਜਾਵੇ ਜਨਤਕ

11/14/2017 7:57:31 AM

ਚੰਡੀਗੜ੍ਹ — 25 ਅਗਸਤ ਨੂੰ ਰਾਮ ਰਹੀਮ ਦੀ ਪੇਸ਼ੀ ਦੌਰਾਨ ਹਿੰਸਾ ਭੜਕਾਉਣ ਦੇ ਦੋਸ਼ 'ਚ ਹਨੀਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਡੇਰਾ ਸੱਚਾ ਸੌਦਾ 'ਚ ਸਰਚ ਮੁਹਿੰਮ ਚਲਾਈ ਗਈ ਸੀ, ਜਿਸ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਸੀ। ਇਸ ਵੀਡੀਓਗ੍ਰਾਫੀ ਨੂੰ ਲੈ ਕੇ ਰਾਮ ਰਹੀਮ ਅਤੇ ਹਨੀਪ੍ਰੀਤ ਦੀ ਪੈਰਵੀ ਕਰਨ ਵਾਲੇ ਵਕੀਲ ਐੱਸ.ਕੇ. ਗਰਗ ਨਰਵਾਨਾ ਨੇ ਹਾਈਕੋਰਟ ਨੂੰ ਅਪੀਲ ਕੀਤੀ ਹੈ ਕਿ ਇਸ ਵੀਡੀਓ ਨੂੰ ਜਨਤਕ ਨਾ ਕੀਤਾ ਜਾਵੇ। 
ਐੱਸ.ਕੇ. ਗਰਗ ਦਾ ਕਹਿਣਾ ਹੈ ਕਿ ਰਾਮ ਰਹੀਮ ਨੂੰ ਸਜ਼ਾ ਹੋਣ ਅਤੇ ਹਨੀਪ੍ਰੀਤ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਦੋਵਾਂ ਦੇ ਖਿਲਾਫ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ਸਮੇਂ ਜੇਕਰ ਸੇਨੇਟਾਈਜੇਸ਼ਨ ਵੀਡੀਓ ਜਨਤਕ ਕੀਤਾ ਜਾਵੇਗਾ ਤਾਂ ਇਸ ਦਾ ਵੀ ਦੁਰ-ਉਪਯੋਗ ਹੋ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਹਾਲ ਹਨੀਪ੍ਰੀਤ ਜ਼ਮਾਨਤ ਦੇ ਲਈ ਹਾਈਕੋਰਟ 'ਚ ਅਪੀਲ ਲਈ ਵਿਚਾਰ ਨਹੀਂ ਕਰ ਰਹੀ ਹੈ, ਉਹ ਪੁਲਸ ਵਲੋਂ ਕੋਰਟ 'ਚ ਦਾਇਰ ਕੀਤੇ ਜਾਣ ਵਾਲੇ ਚਾਲਾਨ ਦਾ ਇੰਤਜ਼ਾਰ ਕਰੇਗੀ। 
ਧਿਆਨਯੋਗ ਹੈ ਕਿ ਹਨੀਪ੍ਰੀਤ 'ਤੇ ਰਾਮ ਰਹੀਮ ਦੀ ਪੇਸ਼ੀ ਦੌਰਾਨ ਹਿੰਸਾ ਭੜਕਾਉਣ ਦਾ ਦੋਸ਼ ਹੈ ਅਤੇ ਇਸ ਦੇ ਨਾਲ ਹੀ ਰਾਮ ਰਹੀਮ ਨੂੰ ਪੇਸ਼ੀ ਲਈ ਲੈ ਕੇ ਜਾਂਦੇ ਸਮੇਂ ਵਿਦੇਸ਼ ਭੇਜਣ ਦੀ ਸਾਜਿਸ਼  ਦਾ ਦੋਸ਼ ਲੱਗਾ ਹੈ। ਇਨ੍ਹਾਂ ਦੋਸ਼ਾਂ ਦੇ ਮਾਮਲੇ ਨੂੰ ਲੈ ਕੇ ਹਨੀਪ੍ਰੀਤ ਅੰਬਾਲਾ ਜੇਲ 'ਚ ਰੱਖੀ ਗਈ ਹੈ।