ਰਾਕੇਸ਼ ਟਿਕੈਤ ਦਾ ਕੇਂਦਰ ’ਤੇ ਹਮਲਾ, ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਵੱਖ-ਵੱਖ ਹੱਥਕੰਡੇ ਅਪਣਾ ਰਹੀ ਸਰਕਾਰ

10/27/2021 5:27:48 PM

ਸਰਦੂਲਗੜ੍ਹ (ਚੋਪੜਾ, ਅਮਰਜੀਤ)- ਭਾਰਤ ਕ੍ਰਿਸ਼ੀ ਅਤੇ ਰਿਸ਼ੀ ਦੇ ਸਿਧਾਂਤ ਦੇ ਚੱਲਣ ਵਾਲਾ ਦੇਸ਼ ਹੈ, ਜੇਕਰ ਇਨ੍ਹਾਂ ਨਾਲ ਛੇੜਛਾੜ ਕੀਤੀ ਗਈ ਤਾਂ ਹਲਚੱਲ ਜ਼ਰੂਰ ਹੋਵੇਗੀ। ਇਸ ਦਾ ਹੀ ਨਤੀਜਾ ਹੈ ਕਿ ਵੱਡੀਆਂ-ਵੱਡੀਆਂ ਕੰਪਨੀਆਂ ਵੱਲੋਂ ਚਲਾਈ ਜਾ ਰਹੀ ਕੇਂਦਰ ਦੀ ਮੋਦੀ ਸਰਕਾਰ ਹਰ ਚੀਜ਼ ਦਾ ਪ੍ਰਾਈਵੇਟਜੇਸ਼ਨ ਕਰ ਰਹੀ ਹੈ, ਜਿਸ ਨਾਲ ਦੇਸ਼ ਵਿਚ ਮਹਿੰਗਾਈ ਅਤੇ ਬੇਰੁਜ਼ਗਾਰੀ ਹੋਰ ਵਧੇਗੀ ਅਤੇ ਦੇਸ਼ ਵਿਚ ਹੋਰ ਵੀ ਜ਼ਿਆਦਾ ਅੰਦੋਲਨ ਚਲਨਗੇ। ਪਰ ਕੇਂਦਰ ਦੀ ਮਜੂਦਾ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਧਾਰਮਿਕ ਰੰਗਤ ਦੇਣ ਦੇ ਨਾਲ-ਨਾਲ ਹਰ ਤਰਾਂ ਦੇ ਹੱਥਕੰਡੇ ਵਰਤ ਰਹੀ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਿਸਾਨੀ ਅੰਦੋਲਨ ਦੇ ਪਹਿਲੀ ਕਤਾਰ ਦੇ ਆਗੂ ਰਾਕੇਸ਼ ਟਿਕੈਤ ਨੇ ਸਰਦੂਲਗੜ੍ਹ ਦੇ ਪਿੰਡ ਕਰੰਡੀ ਵਿਖੇ ਕਿਸਾਨ ਆਗੂ ਕੁਲਦੀਪ ਗੋਦਾਰਾ ਦੇ ਘਰ ਵਿਖੇ ਕੀਤਾ।  

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਚੋਣਾਂ ਵਿਚ ਜੇਕਰ ਕੋਈ ਵੀ ਕਿਸਾਨ ਜਥੇਬੰਧੀ ਚੋਣਾਂ ਵਿਚ ਹਿੱਸਾ ਲੈਂਦੀ ਹੈ ਤਾਂ ਇਹ ਉਸ ਦਾ ਆਪਣਾ ਨਿੱਜੀ ਫ਼ੈਸਲਾ ਹੈ ਪਰ ਸੰਯੁਕਤ ਕਿਸਾਨ ਮੋਰਚਾ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰੇਗਾ। ਕਿਸਾਨ ਆਗੂ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸੇ ਪਾਰਟੀ ਦੀ ਸਰਕਾਰ ਨਾ ਹੋ ਕੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਹੈ ਅਤੇ ਇਹ ਵੱਡੀਆਂ-ਵੱਡੀਆਂ ਕੰਪਨੀਆਂ ਦੇਸ਼ ਦੀ ਜ਼ਮੀਨ ’ਤੇ ਆਪਣਾ ਕਬਜ਼ਾ ਕਰਨਾ ਚਾਹੁੰਦੀਆਂ ਹਨ ਕਿਉਂਕਿ ਕਿਸਾਨ ਦੀ ਫ਼ਸਲ ਮੰਡੀਆਂ ਵਿਚ ਦਿਨ ਸਮੇਂ ਵੀ ਨਹੀਂ ਖ਼ਰੀਦੀ ਜਾਂਦੀ ਪਰ ਜ਼ਮੀਨਾਂ ਦੇ ਸੌਦੇ ਰਾਤ ਨੂੰ ਵੀ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ: ਕੈਪਟਨ ਦਾ ਵਿਰੋਧੀਆਂ ਨੂੰ ਕਰਾਰਾ ਜਵਾਬ, ਅਰੂਸਾ ਆਲਮ ਦੀਆਂ ਤਸਵੀਰਾਂ ਸਾਂਝੀਆਂ ਕਰ ਕਹੀਆਂ ਵੱਡੀਆਂ ਗੱਲਾਂ

ਉਤੱਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੀ ਘਟਨਾ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਸ਼ਾਮਲ ਦੇਸ਼ ਦਾ ਗ੍ਰਹਿ ਰਾਜ ਮੰਤਰੀ ਮਾਫ਼ੀਆ ਰਾਜ ਚਲਾ ਰਿਹਾ ਹੈ ਅਤੇ ਉਸ ਦੇ ਅਸਤੀਫ਼ੇ ਅਤੇ ਗ੍ਰਿਫਤਾਰੀ ਤੱਕ ਅੰਦੋਲਨ ਜਾਰੀ ਰਹੇਗਾ, ਕਿਉਂਕਿ ਜਦੋਂ ਤੱਕ ਉਹ ਕੇਂਦਰ ਦੀ ਸਰਕਾਰ ਦਾ ਹਿੱਸਾ ਰਹੇਗਾ ਤਾਂ ਜਾਂਚ ਨੂੰ ਪ੍ਰਭਾਵਿਤ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਕਿਸਾਨ, ਮਜ਼ਦੂਰ, ਵਪਾਰੀ, ਦੁਕਾਨਦਾਰ, ਮੁਲਾਜ਼ਮ ਅਤੇ ਹਰ ਵਰਗ ਦਾ ਅੰਦੋਲਨ ਬਣ ਚੁੱਕਾ ਹੈ ਅਤੇ ਪੁੂਰੇ ਦੇਸ਼ ਵਿਚ ਕਿਸਾਨੀ ਅੰਦੋਲਨ ਦਾ ਕਰੰਟ ਹੈ ਅਤੇ ਸਾਨੂੰ ਉਮੀਦ ਹੈ ਕਿ ਕੇਂਦਰ ਦੀ ਸਰਕਾਰ ਇਸ ਮਹੀਨੇ ਦੇ ਅੰਦਰ ਅੰਦਰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰ ਦੇਵੇਗੀ ਕਿਉਂਕਿ ਉਹ ਇਸ ਅੰਦੋਲਨ ’ਤੇ ਇਕ ਸਾਲ ਤੱਕ ਚੱਲਣ ਦਾ ਟੈਗ ਨਹੀਂ ਲੱਗਣ ਦੇਣਾ ਚਾਹੁੰਦੀ ਅਤੇ ਜੇਕਰ ਇਹ ਕਾਲੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਸੰਯੁਕਤ ਕਿਸਾਨ ਮੋਰਚਾ ਇਸ ਨੂੰ ਹੋਰ ਤਕੜਾ ਹੋ ਕੇ ਲੜੇਗਾ ਅਤੇ ਨਵੇਂ ਸਿਰੇਂ ਤੋਂ ਟੈਂਟ, ਤਿਰਪਾਲਾਂ ਲਗਾ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। 

ਇਸ ਮੌਕੇ ਜ਼ਿਲਾ ਪ੍ਰੀਸ਼ਦ ਦੇ ਚੈਅਰਮੇਨ ਬਿਕਰਮ ਸਿੰਘ ਮੋਫਰ ਨੇ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਸਾਡੇ ਲਈ ਜੋ ਵੀ ਡਿਊਟੀ ਲਗਾਈ ਜਾਵੇਗੀ, ਉਸ ਨੂੰ ਤਨਦੇਹੀ ਨਾਲ ਨਿਭਾਵਾਂਗੇ ਅਤੇ ਕਿਸਾਨੀ ਅੰਦੋਲਨ ਵਿਚ ਕਿਸਾਨ, ਮਜ਼ਦੂਰ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੌੜ ਕੇ ਖੜਾਗੇਂ। ਇਸ ਮੌਕੇ ਕਿਸਾਨ ਆਗੁੂ ਅਨੂਪ ਗੋਦਾਰਾ, ਜਾਟ ਮਹਾਂ ਸਭਾ ਦੇ ਵਾਇਸ ਪ੍ਰਧਾਨ ਮੈਡਮ ਅਮ੍ਰਿਤ ਗਿਲ, ਜ਼ਿਲਾ ਪ੍ਰਧਾਨ ਐਡਵੋਕੇਟ ਭੂਪਿੰਦਰ ਸਿੰਘ ਸਰਾਂ, ਸਰਪੰਚ ਅਜੀਤ ਸ਼ਰਮਾ,ਵਰਿੰਦਰ ਗੋਦਾਰਾ, ਬੀਰੂ ਰਾਮ, ਬੌਬ ਸਿੱਧੂ, ਅਮਨ ਜੱਫਾ ਅਤੇ ਕਿਸਾਨ ਆਗੂ ਅਰਜੁਨ ਬਲਿਆਨ ਹਾਜ਼ਰ ਸਨ।

ਇਹ ਵੀ ਪੜ੍ਹੋ: ਭੋਗਪੁਰ: ਕਰਵਾਚੌਥ ਵਾਲੇ ਦਿਨ ਉਜੜਿਆ ਪਰਿਵਾਰ, ਭਿਆਨਕ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri