ਐੱਨ. ਆਰ. ਆਈ. ਪੰਜਾਬੀ ''ਆਪ'' ਤੋਂ ਨਾਰਾਜ਼, ਜਾਣੋ ਕਾਰਨ

01/05/2018 11:37:20 AM

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸਪੋਰਟਰ ਐੱਨ. ਆਰ. ਆਈ. ਪੰਜਾਬ ਪਾਰਟੀ ਵਲੋਂ ਰਾਜ ਸਭਾ ਦੇ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਨਾਰਾਜ਼ ਚੱਲ ਰਹੇ ਹਨ। ਇੱਥੋਂ ਤੱਕ ਕਿ ਪੰਜਾਬ ਦੇ ਆਪ ਆਗੂਆਂ ਨੇ ਵੀ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਉਹ ਵੀ ਪਾਰਟੀ ਦੀ ਚੋਣ ਤੋਂ ਖੁਸ਼ ਨਹੀਂ ਹਨ। 'ਆਪ' ਨੇ ਰਾਜ ਸਭਾ ਦੀ ਉਮੀਦਵਾਰੀ ਲਈ ਸੀਨੀਅਰ ਆਗੂ ਸੰਜੇ ਸਿੰਘ, ਦਿੱਲੀ ਦੇ ਕਾਰੋਬਾਰੀ ਸੁਸ਼ੀਲ ਗੁਪਤਾ ਅਤੇ ਚਾਰਟਰਡ ਅਕਾਊਂਟੈਂਟ ਐੱਨ. ਡੀ. ਗੁਪਤਾ ਦੀ ਚੋਣ ਕੀਤੀ ਹੈ। ਸੁਸ਼ੀਲ ਗੁਪਤਾ ਦੇ ਪਿਛਲੇ ਸਮੇਂ ਦੌਰਾਨ ਕਾਂਗਰਸ ਨਾਲ ਸਬੰਧ ਰਹੇ ਹਨ। ਇਸ ਮਾਮਲੇ 'ਚ ਸਭ ਤੋਂ ਤਿੱਖੀ ਪ੍ਰਤੀਕਿਰਿਆ ਆਸਟ੍ਰੇਲੀਆ ਦੇ ਭਵਜੀਤ ਸਿੰਘ ਨੇ ਦਿੱਤੀ ਹੈ, ਜੋ ਕਿ ਨਿਊ ਸਾਊਥ ਵੇਲਜ਼ 'ਚ ਪਾਰਟੀ ਦੇ ਮੀਡੀਆ ਕੋ-ਆਰਡੀਨੇਟਰ ਹਨ। ਭਵਜੀਤ ਦਾ ਕਹਿਣਾ ਹੈ ਕਿ ਰਾਜ ਸਭਾ ਲਈ ਪਾਰਟੀ ਵਲੋਂ ਉਮੀਦਵਾਰਾਂ ਦੇ ਨਾਵਾਂ ਦੀ ਚੋਣ ਨੇ ਉਨ੍ਹਾਂ ਨੂੰ ਕਾਫੀ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਨੂੰ ਇਸ ਦੇ ਲਈ ਸਬਕ ਸਿਖਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਦੇ ਬਹੁਤ ਸਾਰੇ ਐੱਨ. ਆਰ. ਆਈ. ਵਾਲੰਟੀਅਰ ਅਤੇ ਸਪੋਰਟਰ ਇਸ ਗੱਲ ਤੋਂ ਨਿਰਾਸ਼ ਹਨ ਕਿ ਪਾਰਟੀ ਦੀ ਪੰਜਾਬ ਇਕਾਈ ਦੀ ਪੂਰੀ ਵਾਂਗਡੋਰ ਦਿੱਲੀ ਆਗੂਆਂ ਦੇ ਹੱਥ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਗੋਂ ਉਸ ਨੂੰ ਸਿਰਫ ਡਾਲਰ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਕੋਲੋਂ ਪੰਜਾਬ ਚੋਣਾਂ 'ਚ ਹਾਰਨ ਸਬੰਧੀ ਰਿਵਿਊ ਮੰਗਣਗੇ। ਇਸੇ ਤਰ੍ਹਾਂ ਇਕ ਹੋਰ ਪਰਵਾਸੀ ਪੰਜਾਬੀ ਦਾ ਕਹਿਣਾ ਹੈ ਕਿ ਪਾਰਟੀ ਕੋਲ ਨਾਮਜ਼ਦਗੀ ਲਈ 2 ਯੋਗ ਉਮੀਦਵਾਰ ਸਨ, ਫਿਰ ਵੀ ਉਨ੍ਹਾਂ ਚਿਹਰਿਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਨੂੰ ਲੋਕ ਨਹੀਂ ਜਾਣਦੇ।