ਮਹਿਲਾ ਨੂੰ ਟਵਿਟਰ ਤੇ ਫੋਨ ''ਤੇ ਧਮਕਾਉਣ ਵਾਲਾ ਰਾਜਸਥਾਨੀ ਗ੍ਰਿਫਤਾਰ

04/17/2018 11:29:45 AM

ਮੋਹਾਲੀ (ਕੁਲਦੀਪ)-ਬੀਤੇ ਦਿਨੀਂ ਮੋਹਾਲੀ ਦੇ ਫੇਜ਼-11 ਦੀ ਰਹਿਣ ਵਾਲੀ ਇਕ ਮਹਿਲਾ ਨੂੰ ਫੋਨ 'ਤੇ ਧਮਕਾਉਣ ਅਤੇ 10 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਰਾਜਸਥਾਨੀ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਲੀਲਾਧਰ ਤਾਪਰਿਆ ਹੈ, ਜੋ ਕਿ ਰਾਜਸਥਾਨ ਦੇ ਬੀਕਾਨੇਰ ਸ਼ਹਿਰ ਦਾ ਰਹਿਣ ਵਾਲਾ ਹੈ । 
ਪੁਲਸ ਸਟੇਸ਼ਨ ਫੇਜ਼-11 ਤੋਂ ਐਡੀਸ਼ਨਲ ਐੱਸ. ਐੱਚ. ਓ. ਨਰਿੰਦਰ ਸੂਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੀਲਾਧਰ ਤਾਪਰਿਆ ਖਿਲਾਫ ਫੇਜ਼-11 ਦੇ ਸ਼ਾਪਿੰਗ ਮਾਲ ਬੇਸਟੈਕ ਵਿਚ ਇਕ ਕੰਪਨੀ ਦੀ ਡਾਇਰੈਕਟਰ ਮਹਿਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਉਸ ਨੂੰ ਫੋਨ 'ਤੇ ਅਤੇ ਟਵਿਟਰ 'ਤੇ ਧਮਕੀਆਂ ਦੇ ਰਿਹਾ ਸੀ ਅਤੇ ਉਸ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ । ਇਸ ਤੋਂ ਇਲਾਵਾ ਮੁਲਜ਼ਮ ਨੇ ਇਸ ਕੰਪਨੀ ਦੇ ਦੂਜੇ ਡਾਇਰੈਕਟਰ ਨਰੇਸ਼ ਅਰੋੜਾ ਅਤੇ ਉਸ ਦੇ ਪਰਿਵਾਰ ਨੂੰ ਵੀ ਧਮਕਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਫਿਰੌਤੀ ਮੰਗ ਰਿਹਾ ਸੀ । ਪੁਲਸ ਸਟੇਸ਼ਨ ਫੇਜ਼-11 ਵਿਚ ਮੁਲਜ਼ਮ ਲੀਲਾਧਰ ਤਾਪਰਿਆ ਖਿਲਾਫ ਆਈ. ਪੀ. ਸੀ. ਦੀ ਧਾਰਾ 385, 387, 389, 506, 509 ਸਮੇਤ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਸੀ । ਉਸ ਨੂੰ ਰਾਜਸਥਾਨ ਦੇ ਬੀਕਾਨੇਰ ਜ਼ਿਲੇ ਦੇ ਪਿੰਡ ਨੋਖਾ ਸਥਿਤ ਘਰ ਤੋਂ ਗ੍ਰਿਫਤਾਰ ਕਰ ਲਿਆ ਹੈ । 
ਪੁਲਸ ਅਧਿਕਾਰੀ ਸੂਦ ਨੇ ਦੱਸਿਆ ਕਿ ਮੁਲਜ਼ਮ ਮੂਲ ਰੂਪ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਦਾ ਰਹਿਣ ਵਾਲਾ ਸੀ, ਜਿਥੇ ਉਸ ਦੇ ਪੇਰੈਂਟਸ ਰਹਿ ਰਹੇ ਸਨ । ਉਸ ਤੋਂ ਬਾਅਦ ਉਹ ਬੀਕਾਨੇਰ ਦੇ ਪਿੰਡ ਨੋਖਾ ਵਿਚ ਆਪਣੇ ਪਰਿਵਾਰ ਸਮੇਤ ਰਹਿਣ ਲੱਗਾ । ਕੁਝ ਸਮਾਂ ਪਹਿਲਾਂ ਉਹ ਕ੍ਰਿਕਟ ਦੇ ਨਾਮ 'ਤੇ ਸੱਟਾ ਲਵਾਉਣ ਦਾ ਧੰਦਾ ਕਰਦਾ ਸੀ ਪਰ ਹੁਣ ਉਸ ਨੇ ਟਵਿੱਟਰ ਅਤੇ ਹੋਰ ਸੋਸ਼ਲ ਸਾਈਟਸ 'ਤੇ ਲੋਕਾਂ ਤੋਂ ਫਿਰੌਤੀ ਮੰਗ ਕੇ ਪੈਸੇ ਕਮਾਉਣ ਦਾ ਆਸਾਨ ਰਸਤਾ ਚੁਣ ਲਿਆ ਸੀ । ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਸ ਦੌਰਾਨ ਅਦਾਲਤ ਨੇ ਉਸ ਨੂੰ ਚਾਰ ਦਿਨਾ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ । ਹੁਣ ਉਸ ਨੂੰ 19 ਅਪ੍ਰੈਲ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ।