ਮਹਾਂਮਾਰੀ ਦੀ ਦਹਿਸ਼ਤ ਜਾਂ ਤਰਾਸਦੀ! ਰਾਜਿੰਦਰਾ ਹਸਪਤਾਲ 'ਚ 9 ਘੰਟੇ ਰੁਲਦੀ ਰਹੀ 'ਕੋਰੋਨਾ' ਪੀੜਤ ਦੀ ਲਾਸ਼

04/01/2020 12:40:08 PM

ਪਟਿਆਲਾ (ਜੋਸਨ): ਬੀਤੇ ਕੱਲ ਲੁਧਿਆਣਾ ਤੋਂ ਰਾਜਿੰਦਰਾ ਹਸਪਤਾਲ ਆਈ ਬੀਬੀ ਪੂਜਾ, ਜਿਸ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ, ਦੀ ਮ੍ਰਿਤਕ ਦੇਹ ਹਸਪਤਾਲ ਅੰਦਰ ਹੀ ਦੁਪਹਿਰ 2 ਵਜੇ ਤੋਂ ਰਾਤ 11 ਵਜੇ ਤੱਕ ਰੁਲਦੀ ਰਹੀ। ਇਸ ਨੂੰ 'ਕੋਰੋਨਾ ਵਾਇਰਸ' ਦੀ ਦਹਿਸ਼ਤ ਤਰਾਸਦੀ ਜਾਂ ਸਿਹਤ ਵਿਭਾਗ ਦੀ ਅਣਗਹਿਲੀ ਕਹੀਏ? ਪਰ ਇਸ ਨੇ ਇਨਸਾਨੀਅਤ ਨੂੰ ਲੀਰੋ-ਲੀਰ ਕਰ ਕੇ ਰੱਖ ਦਿੱਤਾ ਹੈ। ਹੁਣ ਤਾਂ ਇਸ ਬੀਮਾਰੀ ਨਾਲ ਪੀੜਤਾਂ ਦੀ ਮ੍ਰਿਤਕ ਦੇਹ ਲਿਜਾਣ ਲਈ ਕੋਈ ਵੀ ਐਂਬੂਲੈਂਸ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ: ਪਟਿਆਲਾ: ਪਾਜ਼ੀਟਿਵ ਆਏ ਮਰੀਜ਼ ਦਾ ਸਨਸਨੀਖੇਜ਼ ਖੁਲਾਸਾ

ਰਾਜਿੰਦਰਾ ਹਸਪਤਾਲ ਵਿਖੇ 'ਕੋਰੋਨਾ' ਪੀੜਤ ਪੂਜਾ ਵਾਸੀ ਲੁਧਿਆਣਾ ਦੀ ਮ੍ਰਿਤਕ ਦੇਹ ਨੂੰ ਕੋਈ ਵੀ ਐਂਬੂਲੈਂਸ ਚਾਲਕ ਲੈ ਕੇ ਜਾਣ ਲਈ ਤਿਆਰ ਨਹੀਂ ਹੋਇਆ। ਆਖਰ ਹਸਪਤਾਲ ਪ੍ਰਸ਼ਾਸਨ ਨੇ ਅੱਧੀ ਰਾਤ ਵੇਲੇ ਸ਼ਮਸ਼ਾਨਘਾਟ ਦੀ ਗੱਡੀ ਰਾਹੀਂ ਲੁਧਿਆਣਾ ਭੇਜੀ। ਜਾਣਕਾਰੀ ਮੁਤਾਬਕ ਉਕਤ ਔਕਤ ਦੀ ਮੌਤ ਬੀਤੇ ਦਿਨ ਦੁਪਹਿਰ 2 ਵਜੇ ਹੋ ਗਈ ਸੀ। ਪਹਿਲਾਂ ਇਸ ਨੂੰ ਸਿਹਤ ਵਿਭਾਗ ਨੇ ਗੰਭੀਰਤਾ ਨਾਲ ਨਹੀਂ ਲਿਆ। ਫਿਰ ਜਦੋਂ ਸਾਰੇ ਐਂਬੂਲੈਂਸਾਂ ਵਾਲਿਆਂ ਨੇ 'ਹੱਥ ਖੜ੍ਹੇ' ਕਰ ਦਿੱਤੇ ਤਾਂ ਹਸਪਤਾਲ ਪ੍ਰਸ਼ਾਸਨ ਨੇ ਸਥਾਨਕ ਸ਼ਮਸ਼ਾਨਘਾਟ ਦੀ ਮੈਨੇਜਮੈਂਟ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਆਪਣੀ ਵੈਨ ਭੇਜੀ। ਉਸ ਰਾਹੀਂ ਦੇਰ ਰਾਤ 1.30 ਵਜੇ ਪੂਜਾ ਦੀ ਮ੍ਰਿਤਕ ਦੇਹ ਉਸ ਦੇ ਦੋਵੇਂ ਪੁੱਤਰ, ਸਿਹਤ ਵਿਭਾਗ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਲੁਧਿਆਣਾ ਸ਼ਮਸ਼ਾਨਘਾਟ ਲੈਕੇ ਪੁੱਜੇ। ਉੱਥੇ ਰਾਤ ਸਮੇਂ ਹੀ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ:  ਕੋਰੋਨਾ ਵਾਇਰਸ: ਲੋੜਵੰਦਾਂ ਦੀ ਮਦਦ ਲਈ ਅੱਗੀ ਆਈ ਖਾਲਸਾ ਏਡ, ਰੋਜ਼ਾਨਾ ਇੰਨੇ ਲੋਕਾਂ ਦਾ ਭਰ ਰਹੀ ਢਿੱਡ

ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ 'ਚ ਰਹੀ 'ਕੋਰੋਨਾ' ਪੀੜਤ 3 ਘੰਟੇ
ਜਾਣਕਾਰੀ ਮੁਤਾਬਕ 'ਕੋਰੋਨਾ' ਨਾਲ ਮਰਨ ਵਾਲੀ ਪੂਜਾ ਬੀਤੇ ਕੱਲ੍ਹ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ 'ਚ ਦਾਖਲ ਰਹੀ ਸੀ। ਇੱਥੋਂ ਦੇ ਸਟਾਫ ਅਤੇ ਡਾਕਟਰਾਂ ਨੂੰ 3 ਘੰਟਿਆਂ ਬਾਅਦ ਹੀ ਪਤਾ ਲੱਗਾ ਕਿ ਇਹ 'ਕੋਰੋਨਾ' ਤੋਂ ਪੀੜਤ ਹੈ। ਇਸ ਤੋਂ ਬਾਅਦ ਹੀ ਇਸ ਨੂੰ 'ਕੋਰੋਨਾ ਸਪੈਸ਼ਲ ਵਾਰਡ' 'ਚ ਸ਼ਿਫਟ ਕੀਤਾ, ਜਿੱਥੇ ਇਸ ਦੀ ਮੌਤ ਹੋ ਗਈ। ਹੈਰਾਨੀ ਹੈ ਕਿ ਇਸ ਮਰੀਜ਼ ਦਾ ਐਮਰਜੈਂਸੀ 'ਚ ਇਲਾਜ ਕਰਨ ਵਾਲੇ ਡਾਕਟਰ ਅਤੇ ਨਰਸਿੰਗ ਸਟਾਫ ਨੂੰ ਅਜੇ ਤੱਕ ਹਸਪਤਾਲ ਦੀ ਮੈਨੇਜਮੈਂਟ ਨੇ 'ਇਕਾਂਤਵਾਸ' 'ਚ ਨਹੀਂ ਭੇਜਿਆ, ਜਿਸ ਕਾਰਨ ਰਾਜਿੰਦਰਾ ਹਸਪਤਾਲ 'ਚ ਹਾਹਾਕਾਰ ਹੈ। ਹਸਪਤਾਲ ਦੀ ਐਮਰਜੈਂਸੀ 'ਚ ਹਰ ਰੋਜ਼ ਦਰਜਨਾਂ ਮਰੀਜ਼ ਆਉਂਦੇ ਹਨ। ਇੰਝ ਲਗਦਾ ਹੈ ਕਿ ਇਹ ਵਾਇਰਸ ਰੁਕਣ ਦੀ ਥਾਂ ਜ਼ਿਆਦਾ ਫੈਲੇਗਾ। ਹਸਪਤਾਲ ਮੈਨੇਜਮੈਂਟ ਨੇ ਅਜੇ ਤੱਕ ਐਮਰਜੈਂਸੀ ਨੂੰ ਸੈਨੇਟਾਈਜ਼ ਨਹੀਂ ਕੀਤਾ ਹੈ, ਜਿਸ ਨਾਲ ਮੈਨੇਜਮੈਂਟ ਕਟਹਿਰੇ 'ਚ ਖੜ੍ਹੀ ਹੋ ਗਈ ਹੈ।

ਇਹ ਵੀ ਪੜ੍ਹੋ: ਪਟਿਆਲਾ: 'ਕੋਰੋਨਾ' ਦੇ ਸ਼ੱਕੀ ਮਰੀਜ਼ ਮਿਲਣ 'ਤੇ 3 ਪਿੰਡ ਸੀਲ

ਮ੍ਰਿਤਕ ਦੇਹ ਛੱਡਣ ਵਾਲੀ ਗੱਡੀ ਦੇ ਡਰਾਇਵਰ ਅਤੇ ਹੈਲਪਰ ਨੂੰ ਨਹੀਂ ਕੀਤਾ 'ਇਕਾਂਤਵਾਸ'
ਜਿਹੜੇ ਸ਼ਮਸ਼ਾਨਘਾਟ ਦੀ ਗੱਡੀ 'ਚ 'ਕੋਰੋਨਾ' ਪੀੜਤ ਦੀ ਮ੍ਰਿਤਕ ਦੇਹ ਲੁਧਿਆਣਾ ਭੇਜੀ ਸੀ, ਉਸ ਗੱਡੀ ਦੇ ਡਰਾਇਵਰ ਅਤੇ ਹੈਲਪਰ ਨੂੰ ਵਾਪਸ ਆਉਣ ਉਪਰੰਤ 'ਇਕਾਂਤਵਾਸ' ਨਹੀਂ ਕੀਤਾ ਗਿਆ। ਸਿਹਤ ਵਿਭਾਗ ਅਧਿਕਾਰੀਆਂ ਨੇ ਗੱਡੀ ਤਾਂ ਰਾਜਿੰਦਰਾ ਹਸਪਤਾਲ ਖੜ੍ਹੀ ਕਰ ਲਈ ਕਿ ਇਸ ਨੂੰ ਸੈਨੇਟਾਈਜ਼ਰ ਕਰਕੇ ਭੇਜਿਆ ਜਾਵੇਗਾ ਪਰ ਡਰਾਇਵਰ ਅਤੇ ਹੈਲਪਰ ਨੂੰ ਅੱਧੀ ਰਾਤ ਸਮੇਂ ਗਲੋਵਜ਼, ਮਾਸਕ ਅਤੇ ਸੈਨੇਟਾਈਜ਼ਰ ਦੇ ਕੇ ਆਪਣੇ ਘਰ ਭੇਜ ਦਿੱਤਾ ਕਿ ਬੱਚਿਆਂ ਤੋਂ 14 ਦਿਨ ਦੂਰ ਰਹੋ। ਇਹ ਪ੍ਰਵਾਸੀ ਪੰਜਾਬੀ ਹਨ। ਇੱਥੇ ਸ਼ਮਸ਼ਾਨਘਾਟ 'ਚ ਹੀ 1-1 ਕਮਰੇ 'ਚ ਆਪਣੇ ਪਰਿਵਾਰ ਸਮੇਤ ਰਹਿੰਦੇ ਹਨ। ਅਜਿਹੀ ਸਥਿਤੀ 'ਚ ਬੱਚਿਆਂ ਤੋਂ ਦੂਰ ਰਹਿਣਾ ਸੰਭਵ ਨਹੀਂ ਹੈ। ਹਸਪਤਾਲ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਇਨ੍ਹਾਂ ਦੋਵਾਂ ਨੂੰ ਆਪਣੀ ਨਿਗਰਾਨੀ ਹੇਠ ਹੀ 14 ਦਿਨ 'ਇਕਾਂਤਵਾਸ ਵਾਰਡ' 'ਚ ਰੱਖਦੇ। ਇਸ ਸਬੰਧੀ ਜ਼ਿਲਾ ਨੋਡਲ ਅਫਸਰ ਡਾ. ਸੁਮਿਤ ਸਿੰਘ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਨਹੀਂ ਹੈ।

Shyna

This news is Content Editor Shyna