ਹਾਈਵੇਅ ਜਾਮ ਕਰਨ ''ਤੇ ਵਿਧਾਇਕ ਬੇਰੀ ਖਿਲਾਫ ਕੇਸ ਦਰਜ ਕਰਨ ਦੀ ਮੰਗ

02/22/2020 1:56:57 PM

ਜਲੰਧਰ (ਸੋਨੂੰ)— ਪੀ. ਏ. ਪੀ. ਚੌਕ ਦੀ ਸਰਵਿਸ ਲੇਨ ਖੁੱਲ੍ਹਵਾਉਣ ਲਈ ਨੈਸ਼ਨਲ ਹਾਈਵੇਅ 'ਤੇ ਬੀਤੇ ਦਿਨੀਂ ਦਿੱਤੇ ਗਏ ਧਰਨੇ ਨੂੰ ਲੈ ਕੇ ਵਿਧਾਇਕ ਰਾਜਿੰਦਰ ਬੇਰੀ ਖਿਲਾਫ ਪੁਲਸ ਕੋਲ ਸ਼ਿਕਾਇਤ ਦਿੱਤੀ ਗਈ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਜਲੰਧਰ ਦੇ ਪ੍ਰਧਾਨ ਸ਼ਸ਼ੀ ਸ਼ਰਮਾ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਪੀ. ਏ. ਪੀ. ਚੌਕ ਕੋਲ ਨੈਸ਼ਨਲ ਹਾਈਵੇਅ 'ਤੇ ਟ੍ਰੈਫਿਕ ਜਾਮ ਕਰਨ ਨੂੰ ਲੈ ਕੇ ਵਿਧਾਇਕ ਰਾਜਿੰਦਰ ਬੇਰੀ ਅਤੇ ਉਨ੍ਹਾਂ ਦੇ ਸਮਰਥਕਾਂ ਖਿਲਾਫ ਕੇਸ ਦਰਜ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਅਖਬਾਰਾਂ 'ਚ ਹਾਈਵੇਅ ਜਾਮ ਕਰਨ ਦੀਆਂ ਖਬਰਾਂ ਛੱਪੀਆਂ ਸਨ। ਹਰ ਤਸਵੀਰ 'ਚ ਸਾਫ ਨਜ਼ਰ ਆ ਰਿਹਾ ਸੀ ਕਿ ਵਿਧਾਇਕ ਬੇਰੀ ਹੀ ਧਰਨੇ ਦੀ ਅਗਵਾਈ ਕਰ ਰਹੇ ਹਨ। ਟ੍ਰੈਫਿਕ ਜਾਮ ਹੋਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਮ 'ਚ ਐਂਬੂਲੈਂਸ 'ਚ ਫਸੀ ਰਹੀ। ਉਨ੍ਹਾਂ ਕਿਹਾ ਕਿ ਹਾਈਵੇਅ 'ਤੇ ਟ੍ਰੈਫਿਕ ਜਾਮ ਨਹੀਂ ਕੀਤਾ ਜਾ ਸਕਦਾ ਅਤੇ ਅਜਿਹਾ ਕਰਨ 'ਤੇ ਤੁਰੰਤ ਕੇਸ ਦਰਜ ਕੀਤਾ ਜਾਂਦਾ ਹੈ।

ਮਨੁੱਖੀ ਅਧਿਕਾਰ ਸੰਗਠਨ ਵੱਲੋਂ ਇਸ ਦੀ ਇਕ ਕਾਪੀ ਹਾਈਕੋਰਟ, ਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ, ਪੰਜਾਬ ਪੁਲਸ ਦੇ ਡੀ. ਜੀ. ਪੀ. ਅਤੇ ਆਈ. ਜੀ. ਟ੍ਰੈਫਿਕ ਨੂੰ ਭੇਜ ਦਿੱਤੀ ਹੈ। ਸ਼ਰਮਾ ਨੇ ਕਿਹਾ ਕਿ ਜੇਕਰ ਪੁਲਸ ਵੱਲੋਂ ਕੇਸ ਦਰਜ ਨਾ ਕੀਤਾ ਗਿਆ ਤਾਂ ਉਹ ਹਾਈ ਕੋਰਟ ਦਾ ਰੁਖ ਕਰਨਗੇ।

ਉਥੇ ਹੀ ਰਾਜਿੰਦਰ ਬੇਰੀ ਨੇ ਕਿਹਾ ਕਿ ਪੀ. ਏ. ਪੀ. ਦੀ ਲੇਨ ਬੰਦ ਹੋਣ ਕਰਕੇ ਪਬਲਿਕ ਨੂੰ ਪਰੇਸ਼ਾਨੀ ਆ ਰਹੀ ਹੈ। ਇਸ ਨੂੰ ਦੂਰ ਕਰਨ ਲਈ ਹੀ ਧਰਨਾ ਦਿੱਤਾ ਗਿਆ ਸੀ ਪਰ ਹਾਈਵੇਅ 'ਤੇ ਬੈਠੇ ਸਮਰਥਕਾਂ ਨੂੰ ਜ਼ਿਆਦਾ ਦੇਰ ਤੱਕ ਹਾਈਵੇਅ ਜਾਮ ਨਹੀਂ ਕਰਨ ਦਿੱਤਾ ਗਿਆ ਸੀ ਅਤੇ ਧਰਨਾ ਜਲਦੀ ਹੀ ਹਟਵਾ ਦਿੱਤਾ ਗਿਆ ਸੀ।

 

shivani attri

This news is Content Editor shivani attri