ਹਵਾਈਅੱਡੇ 'ਤੇ ਅਟੈਚੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਜਾ ਰਹੇ ਪਿਉ-ਪੁੱਤ ਕਾਬੂ

11/20/2020 10:23:36 AM

ਰਾਜਾਸਾਂਸੀ (ਰਾਜਵਿੰਦਰ): ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਰਾਜਾਸਾਂਸੀ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਟੈਚੀ ਵਿਚ ਪਾ ਕੇ ਊਨਾ ਲਿਜਾ ਰਹੇ ਪਿਉ -ਪੁੱਤ ਖਿਲਾਫ਼ ਥਾਣਾ ਹਵਾਈ ਅੱਡਾ ਰਾਜਾਸਾਂਸੀ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਇਹ ਪਾਵਨ ਸਰੂਪ ਭਾਈ ਕੀ ਸਮਾਧ ਜ਼ਿਲ੍ਹਾ ਮੋਗਾ ਦੇ ਇਕ ਡੇਰੇ ਦੇ ਮੁਖੀ ਬਾਬਾ ਕੁਲਵੰਤ ਸਿੰਘ ਤੋਂ ਲਿਆਂਦਾ ਗਿਆ ਸੀ ਅਤੇ ਮਰਿਅਦਾ ਦੇ ਉਲਟ ਉਕਤ ਵਿਅਕਤੀਆਂ ਨੇ ਪੈਰਾਂ 'ਚ ਬੂਟ ਪਾਏ ਹੋਏ ਸਨ ਅਤੇ ਨਾ ਹੀ ਚੌਰ ਸਾਹਿਬ ਕੀਤਾ ਜਾ ਰਿਹਾ ਸੀ। ਇਹ ਪਤਾ ਲੱਗਣ 'ਤੇ ਸਿੱਖ ਸੰਗਤਾਂ ਹਵਾਈ ਅੱਡੇ 'ਤੇ ਇਕੱਠੀਆਂ ਹੋ ਗਈਆਂ ਅਤੇ ਗੁਰੂ ਸਾਹਿਬ ਦਾ ਸਰੂਪ ਮਰਿਆਦਾ ਸਹਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਸੁਸ਼ੋਭਿਤ ਕੀਤਾ ਗਿਆ। ਸੰਗਤਾਂ ਨੇ ਚਿੰਤਾ ਪ੍ਰਗਟ ਕੀਤੀ ਕਿ ਜੇਕਰ ਗੁਰੂ ਸਾਹਿਬ ਦਾ ਸਰੂਪ ਗਲਤ ਹੱਥਾਂ 'ਚ ਚਲਿਆ ਜਾਂਦਾ ਤਾਂ ਇਸ ਦੀ ਬੇਅਦਬੀ ਵੀ ਹੋ ਸਕਦੀ ਸੀ, ਜਿਸ ਕਰ ਕੇ ਸ਼੍ਰੋਮਣੀ ਕਮੇਟੀ ਨੂੰ ਇਸ ਤਰ੍ਹਾਂ ਦੇ ਬਾਬਿਆਂ ਨੂੰ ਨੱਥ ਪਾਉਣ ਲਈ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਗੁਰਦਾਸਪੁਰ 'ਚ 14 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ

ਇਸ ਸਬੰਧੀ ਡੀ. ਐੱਸ. ਪੀ. ਮੋਹਨ ਸਿੰਘ ਨੇ ਦੱਸਿਆ ਕਿ ਜਵਾਲਾ ਸਿੰਘ ਅਤੇ ਉਨ੍ਹਾਂ ਦਾ ਪੁੱਤਰ ਜਸਬੀਰ ਸਿੰਘ ਸਪਾਈਸ ਜੈੱਟ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਊਨਾਂ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਏਅਰਪੋਰਟ ਅਥਾਰਟੀ ਨੂੰ ਸਕੈਨਿੰਗ ਦੌਰਾਨ ਪਤਾ ਲੱਗਾ ਕਿ ਅਟੈਚੀ ਵਿਚ ਗੁਰੂ ਸਾਹਿਬ ਜੀ ਦਾ ਸਰੂਪ ਹੈ। ਰਜਿੰਦਰ ਸਿੰਘ ਥਾਣਾ ਮੁਖੀ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਕੇ ਜਸਬੀਰ ਸਿੰਘ ਅਤੇ ਜਵਾਲਾ ਸਿੰਘ ਨੂੰ ਹਿਰਾਸਤ 'ਚ ਲੈ ਕੇ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ :  ਆਪਰੇਸ਼ਨ ਦੇ 4 ਮਹੀਨੇ ਬਾਅਦ ਵੀ ਤੜਫ਼ਦੀ ਰਹੀ ਜਨਾਨੀ, ਐਕਸਰੇ ਰਿਪੋਰਟ ਨੇ ਉਡਾਏ ਪਰਿਵਾਰ ਦੇ ਹੋਸ਼

ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ : ਭਾਈ ਲੌਂਗੋਵਾਲ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਿੱਖ ਮਰਿਆਦਾ ਦੇ ਉਲਟ ਅਟੈਚੀ 'ਚ ਬੰਦ ਕਰ ਕੇ ਹਵਾਈ ਜਹਾਜ਼ ਰਾਹੀਂ ਪੂਨੇ ਲਿਜਾਣ ਦੀ ਦੋ ਵਿਅਕਤੀਆਂ ਵਲੋਂ ਕੀਤੀ ਕੋਸ਼ਿਸ਼ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਹਾਜ਼ਰ-ਨਾਜ਼ਰ ਗੁਰੂ ਹਨ ਅਤੇ ਪਾਵਨ ਸਰੂਪ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣ ਦੀ ਇਕ ਮਰਿਆਦਾ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਫੜ੍ਹੇ ਗਏ ਦੋ ਵਿਅਕਤੀਆਂ ਵਲੋਂ ਕੀਤੀ ਗਈ ਹਰਕਤ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਜਗਦੇਵ ਸਿੰਘ, ਭਾਈ ਤਰਸੇਮ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਨੇ ਹਵਾਈ ਅੱਡੇ 'ਤੇ ਪੁੱਜ ਕੇ ਘਟਨਾ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਲਿਆਂਦਾ। ਜਾਣਕਾਰੀ ਅਨੁਸਾਰ ਇਹ ਦੋਵੇਂ ਵਿਅਕਤੀ ਗੁਰਦੁਆਰਾ ਨਾਨਕਸਰ ਸਮਾਧ ਭਾਈ ਕਾ ਨਾਲ ਸਬੰਧ ਰੱਖਦੇ ਹਨ। ਇਕ ਆਟੋ ਰਿਕਸ਼ਾ ਵਾਲੇ ਨੂੰ ਸ਼ੱਕ ਪੈਣ 'ਤੇ ਇਹ ਮਾਮਲਾ ਸਾਹਮਣੇ ਆਇਆ, ਜਿਸ ਮਗਰੋਂ ਸਥਾਨਕ ਸੰਗਤਾਂ ਅਤੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਕਾਰਵਾਈ ਕੀਤੀ।

Baljeet Kaur

This news is Content Editor Baljeet Kaur