ਬਜਟ ਇਜਲਾਸ : ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਬੋਲੇ ਵੜਿੰਗ, ਮੂਸੇਵਾਲਾ ਕਤਲ ਕਾਂਡ ’ਤੇ ਵੀ ਚੁੱਕੀ ਆਵਾਜ਼

03/06/2023 12:30:28 PM

ਚੰਡੀਗੜ੍ਹ :  ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਅੱਜ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੌਜੂਦਾ ਹਾਲਾਤ 'ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਦਿਨ-ਦਿਹਾੜੇ ਕਤਲੇਆਮ ਹੋ ਰਿਹਾ ਹੈ, ਜਿਸ ਕਾਰਨ ਲੋਕ ਚਿੰਤਾ 'ਚ ਹਨ। ਪੰਜਾਬ ਦੇ ਹਾਲਤ ਬਹੁਤ ਮਾੜੇ ਹੋ ਗਏ ਹਨ। ਪਿਛਲੇ ਸਾਲ ਤੋਂ ਜੋ ਘਟਨਾਵਾਂ ਪੰਜਾਬ 'ਚ ਵਾਪਰੀਆਂ ਸਨ, ਕਾਂਗਰਸ ਨੇ ਵਾਰ-ਵਾਰ ਉਸ ਦਾ ਮੁੱਦਾ ਸਰਕਾਰ ਕੋਲ ਚੁੱਕਿਆ ਅਤੇ ਵਾਰ-ਵਾਰ ਸਰਕਾਰ ਵੱਲੋਂ ਜਵਾਬ ਦਿੱਤਾ ਗਿਆ ਕਿ ਪੰਜਾਬ ਦੀ ਅਮਨ ਅਤੇ ਸ਼ਾਂਤੀ ਕਾਇਮ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਪੰਜਾਬ ਪੁਲਸ ਜੋ ਇੰਨੀ ਮਜ਼ਬੂਤ ਸੀ, ਉਹ ਵੀ ਹੁਣ ਕਮਜ਼ੋਰ ਨਜ਼ਰ ਆ ਰਹੀ ਹੈ ਅਤੇ ਇੰਝ ਲੱਗ ਰਿਹਾ ਹੈ ਕਿ ਜਿਵੇਂ ਉਹ ਖ਼ੁਦ ਬੇਬੱਸ ਮਹਿਸੂਸ ਕਰ ਰਹੀ ਹੈ। ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਘਟਨਾ ਪੰਜਾਬ 'ਚ ਵਾਪਰਦੀ ਹੈ ਪਰ ਦਿੱਲੀ ਵਾਲੇ ਉਸ ਦੇ ਦੋਸ਼ੀਆਂ ਨੂੰ ਕਾਬੂ ਕਰ ਰਹੀ ਹੈ। 

ਇਹ ਵੀ ਪੜ੍ਹੋ- ਗੋਇੰਦਵਾਲ ਜੇਲ੍ਹ ਦੀ ਵਾਇਰਲ ਵੀਡੀਓ 'ਤੇ ਕਾਂਗਰਸ ਨੇ ਘੇਰੀ ਮਾਨ ਸਰਕਾਰ, ਕੀਤੇ ਵੱਡੇ ਸਵਾਲ

ਵੜਿੰਗ ਨੇ ਕਿਹਾ ਕਿ ਮੂਸੇਵਾਲਾ ਕਤਲ ਕਾਂਡ ਨੂੰ ਅੱਜ ਕਰੀਬ ਇਕ ਸਾਲ ਬੀਤ ਚੁੱਕਾ ਹੈ। ਜੇਲ੍ਹਾਂ 'ਚ ਬੈਠੇ ਬੰਦੇ ਵਾਰਦਾਤਾਂ ਨੂੰ ਪੰਜਾਬ ਵਿਚ ਸ਼ਰੇਆਮ ਅੰਜਾਮ ਦਿਵਾ ਰਹੇ ਹਨ ਅਤੇ ਫਿਰ ਵਾਪਸ ਚੱਲੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਕਰਦੀ ਹੈ। ਫਿਰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਪੰਜਾਬ ਪੁਲਸ ਉਨ੍ਹਾਂ ਨੂੰ ਪੰਜਾਬ ਲੈ ਕੇ ਆਉਂਦੀ ਹੈ ਪਰ ਉਹ ਫਿਰ ਪੁਲਸ ਹਿਰਾਸਤ ਤੋਂ ਭੱਜ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਦਿੱਲੀ ਪੁਲਸ ਗ੍ਰਿਫ਼ਤਾਰ ਕਰਦੀ ਹੈ। ਇਸ ਤੋਂ ਇੰਝ ਜਾਪਦਾ ਹੈ ਕਿ ਦਿੱਲੀ ਪੁਲਸ ਨੂੰ ਇਹ ਪਤਾ ਹੁੰਦਾ ਹੈ ਕਿ ਵਾਰਦਾਤ ਪੰਜਾਬ 'ਚ ਕਿੱਥੇ ਹੋ ਰਹੀ ਹੈ। ਇਨ੍ਹਾਂ ਸਾਰੀਆਂ ਘਟਨਾਵਾਂ 'ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ। ਅਜਨਾਲਾ ਹਿੰਸਾ ਨੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 40 ਸਾਲ 'ਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਥਾਣੇ 'ਤੇ ਹਮਲਾ ਕੀਤਾ ਹੋਵੇ ਅਤੇ ਕਈ ਦਿਨ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਹੋਈ।

ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਵਿਆਹੁਤਾ ਦੇ ਪਿਆਰ 'ਚ ਪਾਗਲ ਹੋਇਆ ਸਾਬਕਾ ਸਰਪੰਚ, ਥਾਣੇ ਅੰਦਰ ਖ਼ੁਦ ਨੂੰ ਮਾਰੀ ਗੋਲ਼ੀ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto