ਰਾਜਾ ਵੜਿੰਗ ਦਾ ਭਾਜਪਾ ’ਤੇ ਨਿਸ਼ਾਨਾ, ਕਿਹਾ-ਹਰ ਭਾਰਤ ਵਾਸੀ ਦਾ ਹੈ ਤਿਰੰਗਾ

08/12/2022 10:57:19 PM

ਚੰਡੀਗੜ੍ਹ (ਬਿਊਰੋ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਰਾਸ਼ਟਰੀ ਤਿਰੰਗਾ ਅਤੇ ਆਜ਼ਾਦੀ ਦਿਵਸ ਵਰਗੇ ਕੌਮੀ ਤਿਉਹਾਰ ਮਨਾਉਣ ਦਾ ਅਧਿਕਾਰ ਕਿਸੇ ਵਿਸ਼ੇਸ਼ ਨੂੰ ਵੀ ਨਹੀਂ ਹੈ, ਜੋ ਹਰੇਕ ਭਾਰਤ ਵਾਸੀ ਦੇ ਹਨ। ਮੋਹਾਲੀ ’ਚ ਤਿਰੰਗਾ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਤਿਰੰਗਾ ਹਰ ਭਾਰਤ ਵਾਸੀ ਦਾ ਹੈ ਅਤੇ ਅਸੀਂ ਤਿਰੰਗੇ ਨੂੰ ਹਰ ਦਿਲ ’ਚ ਮੰਨਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਇਸ ’ਤੇ ਸਿਆਸਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਕਿ ਉਸ ਦਾ ਰਾਸ਼ਟਰਵਾਦ ’ਤੇ ਵਿਸ਼ੇਸ਼ ਅਧਿਕਾਰ ਹੈ।

ਇਹ ਵੀ ਪੜ੍ਹੋ : CM ਮਾਨ ਵੱਲੋਂ ਕਿਸਾਨਾਂ ਦਾ ਇਕ ਹੋਰ ਵਾਅਦਾ ਪੂਰਾ, ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ

ਮੋਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਉਹ ਯਾਤਰਾ ਲਈ ਰਵਾਨਾ ਹੋਏ ਅਤੇ ਹਜ਼ਾਰਾਂ ਪਾਰਟੀ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਯਾਤਰਾ ਨੇ ਲੱਗਭਗ 12 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਵੜਿੰਗ ਨੇ ਕਿਹਾ ਕਿ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਨੂੰ ਮਨਾਉਣ ਲਈ ਸੂਬੇ ਭਰ ’ਚ 75 ਕਿਲੋਮੀਟਰ ਲੰਬੀ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦਾ ਫਾਸਲਾ ਹਰੇਕ ਜ਼ਿਲ੍ਹੇ ’ਚ ਵੱਖ-ਵੱਖ ਪਾਰਟੀ ਆਗੂ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮਕਸਦ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਆਜ਼ਾਦੀ ਕਿਵੇਂ ਪ੍ਰਾਪਤ ਹੋਈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਕੀਤੀਆਂ ਕੁਰਬਾਨੀਆਂ ਬਾਰੇ ਜਾਗਰੂਕ ਕਰਨਾ ਹੈ।

ਇਹ ਵੀ ਪੜ੍ਹੋ : ਦਸੂਹਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਪਤੀ-ਪਤਨੀ ਦੀ ਮੌਤ

ਸੂਬਾ ਕਾਂਗਰਸ ਪ੍ਰਧਾਨ ਨੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਭਰਾ, ਜੋ ਭਾਜਪਾ ’ਚ ਸ਼ਾਮਲ ਹੋ ਗਏ ਸਨ, ਦੀ ਕਾਂਗਰਸ ’ਚ ਵਾਪਸੀ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਉਨ੍ਹਾਂ ਸਾਰਿਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਹਨ, ਜਿਨ੍ਹਾਂ ਨੇ ਔਖੇ ਸਮੇਂ ’ਚ ਇਸ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਵਰਕਰ ਅਤੇ ਅਹੁਦੇਦਾਰ ਕਾਂਗਰਸ ਦੇ ਨਾਲ ਹੈ ਅਤੇ ਸਿੱਧੂ ਪਰਿਵਾਰ ਭਾਜਪਾ ’ਚ ਇਕੱਲਾ ਤੇ ਨਿਰਾਸ਼ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਡਾ. ਰਾਜ ਬਹਾਦਰ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਪ ਕੁਲਪਤੀ ਤੋਂ ਮੁਆਫੀ ਮੰਗਣ ਦੀ ਬਜਾਏ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਕਾਰਵਾਈ ਦਾ ਸਮਰਥਨ ਕੀਤਾ ਹੈ।

ਇਸ ਨਾਲ ਪੰਜਾਬ ’ਚ ਡਾਕਟਰੀ ਭਾਈਚਾਰੇ ਦਾ ਮਨੋਬਲ ਡਿੱਗੇਗਾ।  ਮੁਹੱਲਾ ਕਲੀਨਿਕ ਖੋਲ੍ਹਣ ਦਾ ਦਾਅਵਾ ਤਾਂ ਕਰ ਸਕਦੇ ਹੋ ਪਰ ਡਾਕਟਰ ਕਿੱਥੋਂ ਲਿਆਉਣਗੇ? ਵੜਿੰਗ ਨੇ ਦੱਸਿਆ ਕਿ ਕਿਸ ਤਰ੍ਹਾਂ ‘ਆਪ’ ਦੇ ਸ਼ਾਸਨ’ਚ ਡਾਕਟਰ ਆਪਣੀਆਂ ਨੌਕਰੀਆਂ ਛੱਡ ਰਹੇ ਹਨ। ਇਸ ਦੌਰਾਨ ਵੜਿੰਗ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਸੂਬਾ ਕਾਂਗਰਸ ਇੰਚਾਰਜ ਕੈਪਟਨ ਸੰਦੀਪ ਸੰਧੂ ਵੀ ਮੌਜੂਦ ਸਨ। ਯਾਤਰਾ ਦੇ ਰੂਟ ਦੌਰਾਨ ਹਜ਼ਾਰਾਂ ਪਾਰਟੀ ਵਰਕਰ ਹੱਥਾਂ ’ਚ ਤਿਰੰਗਾ ਫੜ ਕੇ ਯਾਤਰਾ ’ਚ ਸ਼ਾਮਲ ਹੋਏ। ਤਿਰੰਗਾ ਯਾਤਰਾ 14 ਅਗਸਤ ਨੂੰ ਸੰਪੂਰਨ ਹੋਵੇਗੀ।
 


Manoj

Content Editor

Related News