ਰਾਜਾ ਵੜਿੰਗ ਦੀ ਪੰਜਾਬ ਸਰਕਾਰ ’ਤੇ ਚੁਟਕੀ, ਸਵੇਰੇ ਫ਼ੈਸਲਾ ਲੈ ਕੇ ਸ਼ਾਮੀ ਹੋ ਜਾਂਦੈ ਵਾਪਸ

04/25/2022 10:28:22 PM

ਗਿੱਦੜਬਾਹਾ (ਚਾਵਲਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਮਾਮਲੇ ਵਿਚ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਵੱਡਾ ਹਮਲਾ ਬੋਲਿਆ ਹੈ। ਵੜਿੰਗ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਇਹ ਦਾਅਵਾ ਕਰਦੇ ਸਨ ਕਿ 1 ਅਪ੍ਰੈਲ 2022 ਤੋਂ ਬਾਅਦ ਪੰਜਾਬ ਵਿਚ ਕੋਈ ਵੀ ਕਿਸਾਨ ਖ਼ੁਦਕੁਸ਼ੀ ਨਹੀਂ ਕਰੇਗਾ, ਉਸ ਸਰਕਾਰ ਦੇ ਇਕ ਮਹੀਨੇ ਦੇ ਕਾਰਜਕਾਲ ਅੰਦਰ ਦਰਜਨ ਦੇ ਕਰੀਬ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਪ੍ਰਤੀ ਹਮਦਰਦੀ ਦਾ ਇਕ ਸ਼ਬਦ ਵੀ ਨਹੀਂ ਆਇਆ, ਮੁਆਵਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ। ਰਾਜਾ ਵੜਿੰਗ ਨੇ ਪੰਜਾਬ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਸਰਕਾਰ ਸਵੇਰੇ ਜਿਹੜੇ ਫ਼ੈਸਲੇ ਕਰਦੀ ਹੈ, ਸ਼ਾਮ ਨੂੰ ਉਨ੍ਹਾਂ ਨੂੰ ਵਾਪਸ ਲੈ ਲਿਆ ਜਾਂਦਾ ਹੈ। ਪੰਜਾਬ ਕਾਂਗਰਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਕਾਂਗਰਸ ਇਕਜੁੱਟ ਹੋਵੇਗੀ। ਵੜਿੰਗ ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਮੋਸਟ ਵਾਂਟੇਡ ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਡੇਰਾ ਬੱਸੀ ਤੋਂ ਕੀਤਾ ਗ੍ਰਿਫ਼ਤਾਰ

ਕਾਂਗਰਸ ਪ੍ਰਧਾਨ ਅੱਜ ਗਿੱਦੜਬਾਹਾ ਦੇ ਡੇਰਾ ਬਾਬਾ ਗੰਗਾ ਰਾਮ ਜੀ, ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਅਤੇ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਵਿਖੇ ਨਤਮਸਤਕ ਹੋਏ। ਗਿੱਦੜਬਾਹਾ ਵਿਖੇ ਉਕਤ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਣ ਤੋਂ ਬਾਅਦ ਰਾਜਾ ਵੜਿੰਗ ਗੁਰਦੁਆਰਾ ਸ੍ਰੀ ਗੁਪਤਸਰ ਸਾਹਿਬ ਪਾਤਸਾਹੀ ਦਸਵੀਂ ਪਿੰਡ ਛੱਤੇਆਣਾ ਵਿਖੇ ਅਰਦਾਸ ਸਮਾਗਮ ਵਿੱਚ ਸ਼ਾਮਿਲ ਹੋਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਡੇਰਾ ਬਾਬਾ ਗੰਗਾ ਰਾਮ ਜੀ ਸੇਵਾ ਸੰਮਤੀ ਵੱਲੋਂ ਰਾਜਾ ਵੜਿੰਗ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਬਿੰਟਾ ਅਰੋੜਾ, ਸ਼ਹਿਰੀ ਪ੍ਰਧਾਨ ਦੀਪਕ ਗਰਗ, ਸਮੂਹ ਕੌਂਸਲਰ ਅਤੇ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਬੰਪਰ ਨੌਕਰੀਆਂ ਦੇਣ ਦਾ ਐਲਾਨ, ਦੇਖੋ ਕਿਹੜੇ ਵਿਭਾਗ ਵਿਚ ਹੋਣਗੀਆਂ ਭਰਤੀਆਂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News