ਬੇਘਰ ਹੋਏ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਵਿਧਾਇਕ ਚੱਬੇਵਾਲ

07/03/2019 12:43:43 PM

ਹੁਸ਼ਿਆਰਪੁਰ (ਘੁੰਮਣ)— ਬੀਤੀ ਰਾਤ ਅੱਡਾ ਚੱਬੇਵਾਲ ਵਿਖੇ ਬੱਸ ਸਟੈਂਡ ਦੇ ਕੋਲ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਦੁਖਦਾਈ ਘਟਨਾ ਦੀ ਖਬਰ ਮਿਲਣ 'ਤੇ ਹਲਕਾ ਚੱਬੇਵਾਲ ਦੇ ਵਿਧਾਇਕ ਡਾ. ਰਾਜ ਕੁਮਾਰ ਰਾਤ ਨੂੰ ਹੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਫੌਰੀ ਤੌਰ 'ਤੇ ਉੱਚਿਤ ਮਦਦ ਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਦੇ ਇਸ ਦਿਸ਼ਾ ਨਿਰਦੇਸ਼ ਦੇ ਚੱਲਦਿਆਂ ਘਟਨਾ ਸਥਾਨ 'ਤੇ ਹੀ ਮੁਫਤ ਮੈਡੀਕਲ ਕੈਂਪ ਲਾਇਆ ਗਿਆ ਹੈ ਤਾਂ ਜੋ ਉਥੇ ਹੀ ਮੁੱਢਲੀ ਮੈਡੀਕਲ ਸਹਾਇਤਾ ਹਰ ਇਕ ਲੋੜਵੰਦ ਨੂੰ ਦਿੱਤੀ ਜਾ ਸਕੇ। ਆਰਜ਼ੀ ਤੌਰ 'ਤੇ ਰਿਹਾਇਸ਼ ਲਈ ਟੈਂਟਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਪੀੜਤ ਪਰਿਵਾਰਾਂ ਲਈ ਭੋਜਨ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਡਾ. ਰਾਜ ਨੇ ਰੈੱਡ ਕਰਾਸ ਅਤੇ ਹੋਰਨਾਂ ਐੱਨ. ਜੀ. ਓ. ਨੂੰ ਵੀ ਪੀੜਤਾਂ ਦੀ ਹਰ ਬਣਦੀ ਮਦਦ ਕਰਨ ਲਈ ਅੱਗੇ ਆਉਣ ਲਈ ਕਿਹਾ। ਡਾ. ਰਾਜ ਨੇ ਕਿਹਾ ਕਿ ਸਾਨੂੰ ਅਜਿਹੀਆਂ ਘਟਨਾਵਾਂ ਨੂੰ ਫਿਰ ਹੋਣ ਤੋਂ ਰੋਕਣ ਲਈ ਵਧੇਰੇ ਸਾਵਧਾਨੀ ਵਰਤਣ ਦੀ ਲੋੜ ਹੈ।

shivani attri

This news is Content Editor shivani attri