ਬਰਸਾਤੀ ਮੌਸਮ ਸ਼ੁਰੂ, ਲੋਕਾਂ ਨੂੰ ਸਤਾ ਰਿਹਾ ਡੇਂਗੂ ਦਾ ਡਰ

06/22/2018 4:36:39 AM

ਕਪੂਰਥਲਾ, (ਗੌਰਵ)- ਸਾਲ 2017 ਦੌਰਾਨ ਕਪੂਰਥਲਾ ਸ਼ਹਿਰ ਵਿਚ ਫੈਲੀ ਡੇਂਗੂ ਮਹਾਮਾਰੀ ਕਾਰਨ ਜਿਥੇ 20 ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਸੀ, ਉਥੇ ਹੀ ਇਸ ਸਾਲ ਦੌਰਾਨ ਕਪੂਰਥਲਾ ਸ਼ਹਿਰ ਤੇ ਆਸ-ਪਾਸ ਦੇ ਖੇਤਰਾਂ ਵਿਚ 1500 ਦੇ ਕਰੀਬ ਲੋਕਾਂ ਨੂੰ ਡੇਂਗੂ ਵਰਗੀ ਖਤਰਨਾਕ ਬੀਮਾਰੀ ਨਾਲ ਜੂਝਣਾ ਪਿਆ ਸੀ। ਬਰਸਾਤ ਦਾ ਮੌਸਮ ਨੇੜੇ ਹੋਣ ਕਾਰਨ ਲੋਕਾਂ ਵਿਚ ਫਿਰ ਤੋਂ ਡੇਂਗੂ ਦੀ ਭਾਰੀ ਦਹਿਸ਼ਤ ਪੈਦਾ ਹੋਣ ਲੱਗੀ ਹੈ ਤੇ ਲੋਕਾਂ ਨੂੰ ਹੁਣ ਤੋਂ ਹੀ ਆਪਣੇ ਪਰਿਵਾਰਾਂ ਦੇ ਮੈਂਬਰਾਂ ਦੀ ਸਿਹਤ ਦੀ ਚਿੰਤਾ ਸਤਾਉਣ ਲੱਗ ਪਈ ਹੈ।  
ਸਾਲ 2017 ਦੌਰਾਨ ਕਪੂਰਥਲਾ ਸ਼ਹਿਰ 'ਚ ਡੇਂਗੂ ਦੀ ਬੀਮਾਰੀ ਨੇ ਇਸ ਕਦਰ ਦਹਿਸ਼ਤ ਫੈਲਾ ਦਿੱਤੀ ਸੀ ਕਿ ਇਸ ਖਤਰਨਾਕ ਬੀਮਾਰੀ ਨਾਲ ਨਜਿੱਠਣ ਲਈ ਸਰਕਾਰੀ ਸਿਹਤ ਸੇਵਾਵਾਂ ਜਿੱਥੇ ਫਲਾਪ ਸਾਬਤ ਹੋਈਆਂ ਸਨ, ਉਥੇ ਹੀ ਕਪੂਰਥਲਾ ਵਿਚ ਫੈਲੇ ਡੇਂਗੂ ਦੇ ਕਾਰਨ ਜਲੰਧਰ ਤੇ ਲੁਧਿਆਣੇ ਦੇ ਨਿੱਜੀ ਹਸਪਤਾਲਾਂ ਵਿਚ ਸੈਂਕੜੇ ਕਪੂਰਥਲਾ ਨਿਵਾਸੀਆਂ ਨੂੰ ਦਾਖਲ ਹੋ ਕੇ ਲੱਖਾਂ ਰੁਪਏ ਦੀ ਰਕਮ ਖਰਚ ਕਰਨੀ ਪਈ ਸੀ, ਜਿਸ ਕਾਰਨ ਕਈ ਪਰਿਵਾਰਾਂ ਦੇ 3-3 ਮੈਂਬਰਾਂ ਨੂੰ ਡੇਂਗੂ ਹੋਣ ਕਰ ਕੇ ਵੱਡੀ ਗਿਣਤੀ 'ਚ ਪਰਿਵਾਰ ਕਰਜ਼ੇ ਹੇਠਾਂ ਦੱਬ ਗਏ ਸਨ। 
ਬਰਸਾਤ ਦਾ ਮੌਸਮ ਨਜ਼ਦੀਕ ਆਉਣ ਦੇ ਬਾਵਜੂਦ ਸਿਹਤ ਵਿਭਾਗ ਦੀ ਮੁਹਿੰਮ ਕਾਗਜ਼ੀ
ਗੌਰ ਹੋਵੇ ਕਿ ਡੇਂਗੂ ਬੀਮਾਰੀ ਬਰਸਾਤ ਦੇ ਮੌਸਮ ਦੇ ਵਿਚਕਾਰ ਉਸ ਵੇਲੇ ਫੈਲਦੀ ਹੈ, ਜਦੋਂ ਤਾਪਮਾਨ 35 ਡਿਗਰੀ ਤੋਂ ਹੇਠਾਂ ਆ ਜਾਂਦਾ ਹੈ ਤੇ ਵਾਤਾਵਰਣ ਵਿਚ ਨਮੀ ਆ ਜਾਂਦੀ ਹੈ ਪਰ ਇਸ ਬੀਮਾਰੀ ਨੂੰ ਲੈ ਕੇ ਸਭ ਤੋਂ ਤਰਸਯੋਗ ਗੱਲ ਤਾਂ ਹੈ ਕਿ ਸੂਬੇ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿਚ ਇਸ ਬੀਮਾਰੀ ਕਰ ਕੇ ਖਤਰਨਾਕ ਮਿਆਰ ਤੱਕ ਡਿਗ ਚੁੱਕੇ ਸੈੱਲ ਨੂੰ ਚੜ੍ਹਾਉਣ ਲਈ ਨਾ ਤਾਂ ਮਸ਼ੀਨਾਂ ਹਨ ਤੇ ਨਾ ਹੀ ਜ਼ਿਆਦਾਤਰ ਸਰਕਾਰੀ ਡਾਕਟਰਾਂ ਕੋਲ ਕੋਈ ਇੱਛਾ ਸ਼ਕਤੀ, ਜਿਸ ਕਾਰਨ ਸਰਕਾਰ ਕੋਲੋਂ ਲੱਖਾਂ ਰੁਪਏ ਦੀ ਤਨਖਾਹ ਲੈਣ ਵਾਲੇ ਸਰਕਾਰੀ ਡਾਕਟਰਾਂ 'ਤੇ ਡੇਂਗੂ ਪੀੜਤਾਂ ਦਾ ਕੋਈ ਵਿਸ਼ਵਾਸ ਨਹੀਂ ਰਿਹਾ ਹੈ। ਉਥੇ ਹੀ ਸਿਹਤ ਵਿਭਾਗ ਵੱਲੋਂ ਵੀ ਲੋਕਾਂ ਨੂੰ ਡੇਂਗੂ ਪ੍ਰਤੀ ਜਾਗਰੂਕ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਸਿਰਫ ਸੈਮੀਨਾਰ ਤੱਕ ਹੀ ਸੀਮਤ ਹੈ, ਜਿਸ ਕਾਰਨ ਲੋਕਾਂ ਦੇ ਦਿਲ-ਦਿਮਾਗ ਵਿਚ ਡੇਂਗੂ ਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ।