ਲੁਧਿਆਣਾ ''ਚ ਹੋਈ 71 ਮਿਲੀਮੀਟਰ ਬਾਰਿਸ਼ ਨੇ ਧਾਰਿਆ ਹੜ੍ਹ ਦਾ ਰੂਪ

07/09/2020 5:18:36 PM

ਲੁਧਿਆਣਾ (ਸਲੂਜਾ) : ਮਾਨਸੂਨ ਦੀ ਹੋਈ 71 ਮਿਲੀਮੀਟਰ ਪਈ ਬਾਰਸ਼ ਨੇ ਹੜ੍ਹ ਦਾ ਰੂਪ ਧਾਰ ਲਿਆ, ਜਿਸ ਨਾਲ ਲੁਧਿਆਣਾ ਵਿਚ ਚਾਰੇ ਪਾਸੇ ਪਾਣੀ ਹੀ ਪਾਣੀ ਦਿਖਾਈ ਦਿੱਤਾ। ਨਗਰੀ ਦਾ ਚਾਹੇ ਪਾਸ਼ ਇਲਾਕਾ ਸੀ ਜਾਂ ਸਲੱਮ, ਸਾਰੇ ਪਾਣੀ ਵਿਚ ਡੁੱਬੇ ਨਜ਼ਰ ਆਏ। ਕਈ ਘਰਾਂ ਅਤੇ ਦੁਕਾਨਾਂ ਵਿਚ ਵੀ ਬਾਰਸ਼ ਦਾ ਪਾਣੀ ਦਾਖਲ ਹੋ ਗਿਆ। ਲੋਕ ਸਾਮਾਨ ਨੂੰ ਸੰਭਾਲਦੇ ਰਹੇ। ਕਈ ਲੋਕਾਂ ਅਤੇ ਦੁਕਾਨਦਾਰਾਂ ਦੇ ਸਾਮਾਨ ਨੂੰ ਨੁਕਸਾਨ ਵੀ ਪੁੱਜਾ।

ਦੋਮੋਰੀਆ ਪੁਲ ਸਮੇਤ ਨਗਰ ਦੇ ਬਹੁਤੇ ਇਲਾਕਿਆਂ ਵਿਚ ਭਰੇ ਪਾਣੀ 'ਚੋਂ ਪੈਦਲ ਤਾਂ ਕੀ ਵਾਹਨ 'ਤੇ ਸਵਾਰ ਹੋ ਕੇ ਵੀ ਨਿਕਲਣਾ ਮੁਸ਼ਕਲ ਹੋ ਗਿਆ ਸੀ, ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਥੇ ਦੱਸ ਦੇਈਏ ਕਿ ਭਾਰੀ ਬਾਰਸ਼ ਨਾਲ ਮੌਸਮ ਸੁਹਾਵਨਾ ਹੋਣ ਕਾਰਨ ਕਹਿਰ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ। ਹਰ ਵਾਰ ਵਾਂਗ ਕੁਦਰਤੀ ਆਫਤ ਦੀ ਮਾਰ ਪਾਵਰਕਾਮ ਨਹੀਂ ਝੱਲ ਸਕਿਆ। ਕਈ ਇਲਾਕਿਆਂ ਵਿਚ ਤਾਂ ਦਰੱਖਤਾਂ ਦੇ ਬਿਜਲੀ ਲਾਈਨਾਂ 'ਤੇ ਡਿੱਗਣ ਕਾਰਨ ਸਪਲਾਈ ਠੱਪ ਹੋ ਕੇ ਰਹਿ ਗਈ। ਵੱਖ-ਵੱਖ ਇਲਾਕਿਆਂ ਤੋਂ ਲੋਕਾਂ ਨੇ ਦੱਸਿਆ ਕਿ ਬਾਰਿਸ਼ ਦੀ ਸ਼ੁਰੂਆਤ ਤੋਂ ਲੈ ਕੇ ਬੰਦ ਹੋਣ ਤੱਕ ਬਿਜਲੀ ਦੀ ਅੱਖ-ਮਿਚੋਲੀ ਦਾ ਦੌਰ ਜਾਰੀ ਰਿਹਾ।

ਫੋਕਲ ਪੁਆਇੰਟ ਦੇ ਰਹਿਣ ਵਾਲੇ ਵੇਦ ਪ੍ਰਕਾਸ਼ ਨੇ ਦੱਸਿਆ ਕਿ ਜਮਾਲਪੁਰ ਕਾਲੋਨੀ ਵਿਚ ਲਗਾਤਾਰ ਕਈ ਘੰਟੇ ਬਿਜਲੀ ਬੰਦ ਰਹਿਣ ਕਾਰਨ ਉਨ੍ਹਾਂ ਦੇ ਘਰਾਂ ਦੇ ਇਨਵਰਟਰ ਤੱਕ ਜਵਾਬ ਦੇ ਗਏ। ਪੀਣ ਵਾਲੇ ਪਾਣੀ ਦੀ ਸਪਲਾਈ 'ਤੇ ਵੀ ਅਸਰ ਪਿਆ। ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਬਹੁਤ ਖੁਸ਼ ਸਨ ਕਿਉਂਕਿ ਉਹ ਬਾਰਸ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿਉਂਕਿ ਝੋਨੇ ਦੀ ਫਸਲ ਲਈ ਮਾਨਸੂਨ ਹਮੇਸ਼ਾ ਵਰਦਾਨ ਸਾਬਤ ਹੁੰਦੀ ਹੈ।

Anuradha

This news is Content Editor Anuradha