ਦੀਵੇ ਥੱਲੇ ਹਨੇਰਾ ਬਾਰਿਸ਼ : ਖੁਦ ਦੇ ਦਫਤਰ ਦਾ ਰਿਕਾਰਡ ਵੀ ਨਾ ਸੰਭਾਲ ਸਕਿਅਾ ਨਿਗਮ

07/26/2018 6:26:09 AM

ਅੰਮ੍ਰਿਤਸਰ,   (ਵਡ਼ੈਚ)-  ਨਗਰ ਨਿਗਮ ਵੱਲੋਂ ਸ਼ਹਿਰ ਦੇ ਵਾਰਡਾਂ ਦੇ ਸੀਵਰੇਜ ਦੀ ਸਹੀ ਸਮੇਂ ਪੂਰੀ ਡੀ-ਸਿਲਟਿੰਗ ਨਾ ਕਰਨ ਤੇ ਸਡ਼ਕਾਂ ਦੇ ਵੱਡੇ ਸੀਵਰੇਜਾਂ ਦੀ ਸਫਾਈ ਨਾ ਹੋਣ ਕਰ ਕੇ ਲੋਕਾਂ ਨੂੰ ਮੁਸ਼ਕਿਲਾਂ ’ਚੋਂ ਲੰਘਣਾ ਪੈ ਰਿਹਾ ਹੈ। ਥੋਡ਼੍ਹੇ ਸਮੇਂ ਦੀ ਬਰਸਾਤ ਨਾਲ ਸਡ਼ਕਾਂ, ਗਲੀਆਂ, ਬਾਜ਼ਾਰਾਂ ਵਿਚ ਕਈ-ਕਈ ਘੰਟੇ ਖੜ੍ਹਾ ਪਾਣੀ ਨਿਗਮ ਦੀ ਮਾਡ਼ੀ ਕਾਰਗੁਜ਼ਾਰੀ ਦੀ ਪੋਲ ਖੋਲ੍ਹ ਦਿੰਦਾ ਹੈ। ਲੋਕਾਂ ਨੂੰ ਸੇਵਾਵਾਂ ਭੇਟ ਕਰਨ ਦੇ ਦਾਅਵੇ ਕਰਨ ਵਾਲੇ ਮੇਅਰ, ਕਮਿਸ਼ਨਰ ਤੇ ਉੱਚ ਅਧਿਕਾਰੀ ਸ਼ਹਿਰ ’ਚੋਂ ਪਾਣੀ ਦੀ ਸਹੀ ਨਿਕਾਸੀ ਕਰਵਾਉਣ ਵਿਚ ਕਾਮਯਾਬ ਨਹੀਂ ਹਨ, ਉਲਟਾ ਉਹ ਆਪਣੇ ਨਿਗਮ ਦੇ ਦਫਤਰ ਵਿਚੋਂ ਵੀ ਬਰਸਾਤ ਦੇ ਪਾਣੀ ਦੀ ਸਹੀ ਨਿਕਾਸੀ ਕਰਵਾਉਣ ਵਿਚ ਅਸਫਲ ਹੋ ਰਹੇ ਹਨ। ਇਮਾਰਤ ਦੀ ਛੱਤ ਪਾਣੀ ਨਾਲ ਭਰ ਜਾਂਦੀ ਹੈ, ਜਿਸ ਕਰ ਕੇ ਉਪਰ ਦੀਆਂ ਮੰਜ਼ਿਲਾਂ ਤੋਂ ਪਾਣੀ ਹੇਠਾਂ ਟਪਕਣ ਨਾਲ ਵਰਾਂਡਿਆਂ ਤੇ ਕਮਰਿਆਂ ਵਿਚ ਵੀ ਪਾਣੀ ਦਾਖਲ ਹੋ ਜਾਂਦਾ ਹੈ। 
ਸਰਕਾਰੀ ਰਿਕਾਰਡ ਹੋਣ ਲੱਗਾ ਖਰਾਬ 
ਬਰਸਾਤ ਦਾ ਪਾਣੀ ਛੱਤ, ਵਰਾਂÎਡਿਅਾਂ ਦੇ ਨਾਲ ਕਮਰਿਆਂ ਵਿਚ ਵੀ ਦਾਖਲ ਹੋ ਜਾਂਦਾ ਹੈ। ਏਜੰਡਾ ਬ੍ਰਾਂਚ ਦੇ ਸਾਹਮਣੇ ਕਮਰੇ ਵਿਚ ਪਾਣੀ ਜਾਣ ਨਾਲ ਪ੍ਰਧਾਨ ਮੰਤਰੀ ਅਾਵਾਸ ਯੋਜਨ ਦਾ ਰਿਕਾਰਡ ਖਰਾਬ ਹੋ ਰਿਹਾ ਹੈ। ਵਰਾਂਡਿਆਂ ਵਿਚ ਖੜ੍ਹੇ ਪਾਣੀ ’ਚੋਂ ਨਿਕਲਦੇ ਹੋਏ ਅਧਿਕਾਰੀ ਤੇ ਕਰਮਚਾਰੀ ਆਪਣੇ ਦਫਤਰਾਂ ਤੱਕ ਪਹੁੰਚਦੇ ਹਨ। ਨਿਗਮ ਦੇ ਦਫਤਰ ਅੱਗੇ ਸਡ਼ਕ ’ਤੇ ਵੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਕਰ ਕੇ ਨਿਗਮ ’ਚ ਆਉਣ-ਜਾਣ ਵਾਲੇ ਲੋਕ ਤੇ ਰਾਹਗੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹਨ।