ਪੰਜਾਬ ''ਚ ਭਾਰੀ ਬਾਰਿਸ਼ ਕਿਸਾਨਾਂ ਨੂੰ ਦਿੱਤੀ ਰਾਹਤ, ਝੋਨੇ ਦੀ ਲਵਾਈ ਦਾ ਕੰਮ ਲਗਭਗ ਪੂਰਾ

07/12/2017 6:30:17 PM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ)-ਪੰਜਾਬ ਭਰ ਅੰਦਰ ਬੀਤੀ ਰਾਤ ਅਤੇ ਕੱਲ੍ਹ ਹੋਈ ਬਾਰਸ਼ ਨਾਲ ਤਕਰੀਬਨ ਸਾਰੇ ਹੀ ਪੰਜਾਬ ਦੇ ਖੇਤਾਂ ਵਿਚੋਂ ਪਾਣੀ ਦੀ ਕਿੱਲਤ ਅਤੇ ਸੋਕਾ ਖ਼ਤਮ ਹੋ ਗਿਆ ਹੈ ਅਤੇ ਇਸ ਬਾਰਸ਼ ਨੇ ਝੋਨੇ ਸਮੇਤ ਹੋਰ ਪ੍ਰਮੁੱਖ ਫ਼ਸਲਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਵਾਈ ਹੈ। ਸਮੁੱਚੇ ਪੰਜਾਬ ਅੰਦਰ ਔਸਤਨ 24.2 ਮਿਲੀਮੀਟਰ ਬਾਰਸ਼ ਹੋਈ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਵਰਖਾ ਜ਼ਿਲ੍ਹਾ ਗੁਰਦਾਸਪੁਰ ਅਤੇ ਫ਼ਿਰੋਜਪੁਰ ਵਿਚ ਸਭ ਤੋਂ ਘੱਟ ਵਰਖਾ ਦਰਜ ਕੀਤੀ ਗਈ ਹੈ। ਇਸ ਬਾਰਸ਼ ਨਾਲ ਕਿਸੇ ਵੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਜਦੋਂ ਕਿ ਪਿਛਲੇ ਮਹੀਨੇ ਦੇ ਅਖੀਰ ਵਿਚ ਦੋ ਦਿਨ ਹੋਈ ਭਾਰੀ ਵਰਖਾ ਕਾਰਨ ਨਰਮੇ, ਝੋਨੇ ਅਤੇ ਫਲ-ਸਬਜ਼ੀਆਂ ਹੇਠਲਾ ਕਰੀਬ 15000 ਏਕੜ ਰਕਬਾ ਪ੍ਰਭਾਵਿਤ ਹੋਇਆ ਹੈ।

ਕਿਥੇ ਕਿੰਨੀ ਵਰਖਾ ਹੋਈ?
ਪੰਜਾਬ ਅੰਦਰ 22 ਜ਼ਿਲ੍ਹਿਆਂ ਵਿਚੋਂ 15 ਦੇ ਕਰੀਬ ਜ਼ਿਲ੍ਹਿਆਂ ਵਿਚ ਵਰਖਾ ਹੋਈ ਹੈ ਜਦੋਂ ਨਰਮੇ ਦੀ ਕਾਸ਼ਤ ਵਾਲੇ ਪੰਜ ਜ਼ਿਲ੍ਹਿਆਂ ਅੰਦਰ ਪਿਛਲੇ ਦੋ ਦਿਨ ਬਾਰਿਸ਼ ਨਹੀਂ ਹੋਈ। ਜ਼ਿਲ੍ਹਾ ਗੁਰਦਾਸਪੁਰ 'ਚ 103 ਐਮ. ਐਮ, ਪਠਾਨਕੋਟ 'ਚ 83.5, ਕਪੂਰਥਲਾ 'ਚ 58.5, ਅੰਮ੍ਰਿਤਸਰ 'ਚ 50. 0, ਨਵਾਂ ਸ਼ਹਿਰ 'ਚ 48.0, ਰੂਪਨਗਰ 'ਚ 77.0, ਹੁਸ਼ਿਆਰਪੁਰ 'ਚ 32, ਜਲੰਧਰ 'ਚ 19, ਤਰਨਤਾਰਨ 'ਚ 19.0, ਫਤਹਿਗੜ ਸਾਹਿਬ 'ਚ 16.3, ਲੁਧਿਆਣਾ 'ਚ 13. 1, ਮੋਹਾਲੀ 'ਚ 7. 0, ਪਟਿਆਲਾ 'ਚ 2. 4, ਸੰਗਰੂਰ 'ਚ 2.1 ਅਤੇ ਫ਼ਿਰੋਜਪੁਰ 'ਚ 2. 0 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ। 
 
ਫ਼ਸਲਾਂ ਲਈ ਬੇਹੱਦ ਲਾਹੇਵੰਦ
ਇਸ ਬਾਰਸ਼ ਨੇ ਨਾ ਸਿਰਫ਼ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ ਸਗੋਂ ਇਸ ਨਾਲ ਝੋਨੇ ਸਮੇਤ ਹੋਰ ਫ਼ਸਲਾਂ ਦੇ ਵਾਧੇ ਨੂੰ ਹੁਲਾਰਾ ਮਿਲੇਗਾ। ਇਸ ਮੌਕੇ ਪੰਜਾਬ ਅੰਦਰ 25 ਲੱਖ 76 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਦਾ ਕੰਮ ਮੁਕੰਮਲ ਹੋਣ ਕਾਰਨ 90 ਫ਼ੀਸਦੀ ਝੋਨਾ ਲੱਗ ਚੁੱਕਾ ਹੈ ਜਦੋਂ ਕਿ ਬਾਕੀ ਦਾ ਰਹਿੰਦਾ ਝੋਨਾ ਵੀ ਇਸ ਮੀਂਹ ਕਾਰਨ ਇੱਕ ਦੋ ਦਿਨਾਂ ਅੰਦਰ ਲੱਗਣ ਦੀ ਸੰਭਾਵਨਾ ਹੈ। ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਕਿਸਾਨਾਂ ਨੂੰ ਟਿਊਬਵੈੱਲ ਅਤੇ ਪੰਪ ਚਲਾਉਣੇ ਪੈ ਰਹੇ ਸਨ, ਪਰ ਜਿਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਵਰਖਾ ਹੋਈ ਹੈ, ਉੱਥੇ ਖੇਤਾਂ ਵਿਚ ਪਾਣੀ ਦੀ ਕਮੀ ਖ਼ਤਮ ਹੋ ਗਈ ਹੈ। ਇਸੇ ਤਰ੍ਹਾਂ ਨਰਮੇ ਹੇਠ 3 ਲੱਖ 80 ਹਜ਼ਾਰ ਹੈਕਟੇਅਰ ਰਕਬੇ ਹੈ ਜਿਸ ਨੂੰ ਇਸ ਮੀਂਹ ਨਾਲ ਨੁਕਸਾਨ ਨਹੀਂ ਪਹੁੰਚਿਆ ਜਦੋਂ ਕਿ ਹੁਣ ਤੱਕ 1 ਲੱਖ 25 ਹਜ਼ਾਰ ਹੈਕਟੇਅਰ ਰਕਬੇ ਵਿਚ ਲੱਗ ਚੁੱਕੀ ਮੱਕੀ ਦੇ ਨੀਵੇਂ ਖੇਤਾਂ ਵਿਚ ਪਾਣੀ ਖੜ੍ਹਾ ਹੋਣ ਕਾਰਨ ਕੁੱਝ ਨੁਕਸਾਨ ਸਾਹਮਣੇ ਆ ਸਕਦਾ ਹੈ। ਪਰ ਦੂਜੇ ਪਾਸੇ ਕਮਾਦ ਅਤੇ ਚਾਰੇ ਵਾਲੀਆਂ ਫ਼ਸਲਾਂ ਲਈ ਇਹ ਬਾਰਸ਼ ਵਰਦਾਨ ਹੈ।

ਨਰਮੇ ਦੇ ਨੁਕਸਾਨ ਸਬੰਧੀ ਰਿਪੋਰਟ ਤਿਆਰ
ਭਾਵੇਂ ਕੱਲ੍ਹ ਨਰਮੇ ਵਾਲੇ ਜ਼ਿਲ੍ਹਿਆਂ ਵਿਚ ਬਾਰਸ਼ ਨਹੀਂ ਹੋਈ, ਪਰ 29 ਅਤੇ 30 ਜੂਨ ਨੂੰ ਹੋਈ ਤੇਜ਼ ਬਾਰਸ਼ ਨੇ ਮਾਨਸਾ ਸਮੇਤ ਆਸ ਪਾਸ ਦੇ ਜ਼ਿਲ੍ਹਿਆਂ ਅੰਦਰ ਨਰਮੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਖੇਤੀਬਾੜੀ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਇਸ ਇਲਾਕੇ ਦਾ ਦੌਰਾ ਕਰਨ ਦੇ ਬਾਅਦ ਤਿਆਰ ਕੀਤੀ ਰਿਪੋਰਟ ਮੁਤਾਬਿਕ ਇਕੱਲੇ ਮਾਨਸਾ ਜ਼ਿਲ੍ਹੇ ਅੰਦਰ 8125 ਏਕੜ ਰਕਬੇ ਵਿਚ ਨਰਮੇ ਦੀ ਫ਼ਸਲ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ, ਜਿਸ ਵਿਚੋਂ 6000 ਏਕੜ ਰਕਬਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਜਦੋਂ ਕਿ 2125 ਏਕੜ ਰਕਬੇ ਵਿਚ 75 ਫ਼ੀਸਦੀ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ ਬਠਿੰਡਾ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ 'ਚ ਵੀ ਪਾਣੀ ਖੇਤਾਂ ਵਿਚ ਖੜ੍ਹਾ ਰਹਿਣ ਕਾਰਨ ਕਿਸਾਨਾਂ ਨੂੰ ਮਜਬੂਰੀ ਵੱਸ ਨਰਮਾ ਵਾਹ ਕੇ ਝੋਨਾ ਲਗਾਉਣਾ ਪਿਆ।