ਮਾਛੀਵਾੜਾ ''ਚ ਮੀਂਹ ਨੇ ਮਚਾਈ ਤਬਾਹੀ, ਪ੍ਰਮੁੱਖ ਸੜਕ ''ਤੇ ਆਵਾਜਾਈ ਠੱਪ

08/19/2019 12:04:14 PM

ਮਾਛੀਵਾੜਾ ਸਾਹਿਬ (ਟੱਕਰ) : 17 ਤੇ 18 ਅਗਸਤ ਦੀ ਰਾਤ ਨੂੰ ਮਾਛੀਵਾੜਾ ਇਲਾਕੇ 'ਚ ਪਏ ਭਾਰੀ ਮੀਂਹ ਕਾਰਨ ਕਾਫ਼ੀ ਤਬਾਹੀ ਹੋਈ ਅਤੇ ਬੀਤੀ ਰਾਤ ਮਾਛੀਵਾੜਾ ਤੋਂ ਲੁਧਿਆਣਾ ਨੂੰ ਜਾਂਦੀ ਪ੍ਰਮੁੱਖ ਸੜਕ 'ਤੇ ਪਿੰਡ ਇਰਾਕ ਨੇੜ੍ਹੇ ਬਣੀ ਪੁਲੀ ਵੀ ਤੇਜ਼ ਵਹਾਅ 'ਚ ਰੁੜ੍ਹ ਗਈ, ਜਿਸ ਨਾਲ ਆਵਾਜ਼ਾਈ ਠੱਪ ਹੋ ਗਈ ਅਤੇ ਕਈ ਪਿੰਡਾਂ ਦਾ ਆਪਸ 'ਚ ਸੰਪਰਕ ਟੁੱਟ ਗਿਆ। ਮਾਛੀਵਾੜਾ ਵਾਇਆ ਕੁਹਾੜਾ-ਲੁਧਿਆਣਾ ਨੂੰ ਜਾਂਦੀ ਪ੍ਰਮੁੱਖ ਸੜਕ 'ਤੇ ਪਿੰਡ ਇਰਾਕ ਨੇੜ੍ਹੇ ਬਣੀ ਇਹ ਪੁਲੀ ਪਾਣੀ ਦੇ ਨਿਕਾਸ ਲਈ ਬਣੀ ਹੋਈ ਸੀ ਪਰ ਪੁਲੀ ਦੇ ਸਾਹਮਣੇ ਇੱਕ ਕਲੋਨਾਈਜ਼ਰ ਵਲੋਂ ਅਣ-ਅਧਿਕਾਰਤ ਕਾਲੋਨੀ ਕੱਟ ਦਿੱਤੀ ਗਈ ਅਤੇ ਜਮੀਨ 'ਚ ਭਰਤ ਪਾ ਕੇ ਪਾਣੀ ਦਾ ਵਹਾਅ ਰੋਕ ਦਿੱਤਾ ਗਿਆ ਸੀ।

ਕਲੋਨਾਈਜ਼ਰ ਵਲੋਂ ਕੀਤੀਆਂ ਮਨਮਰਜ਼ੀਆਂ ਤੇ ਅਣ-ਅਧਿਕਾਰਤ ਤੌਰ 'ਤੇ ਕੱਟੀ ਇਸ ਕਾਲੋਨੀ ਖਿਲਾਫ਼ ਨਾ ਪ੍ਰਸਾਸ਼ਨ, ਨਾ ਲੋਕ ਨਿਰਮਾਣ ਵਿਭਾਗ ਅਤੇ ਨਾ ਹੀ ਗਲਾਡਾ ਨੇ ਕੋਈ ਕਾਰਵਾਈ ਕੀਤੀ, ਜਿਸ ਦਾ ਖੁਮਿਆਜ਼ਾ ਹੁਣ ਲੋਕਾਂ ਨੂੰ ਭੁਗਤਣਾ ਪਿਆ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਿੰਡ ਇਰਾਕ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਕਾਲੋਨੀ ਵੀ ਪੂਰੀ ਤਰ੍ਹਾਂ ਡੁੱਬ ਗਈ, ਜਿਸ ਨਾਲ 50 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ, ਜਿਨ੍ਹਾਂ ਨੂੰ ਆਪਣਾ ਘਰ ਛੱਡ ਕੇ ਨਾਲ ਲੱਗਦੇ ਗੁਰਦੁਆਰਾ ਸਾਹਿਬ ਵਿਚ ਸ਼ਰਨ ਲੈਣੀ ਪਈ। ਅਖੀਰ ਪਾਣੀ ਦੇ ਤੇਜ਼ ਵਹਾਅ ਨੇ ਪੁਲੀ ਰਾਹੀਂ ਆਪਣਾ ਰਸਤਾ ਬਣਾਇਆ ਪਰ ਨਾਲ ਹੀ ਕੁੱਝ ਸਾਲ ਪਹਿਲਾਂ ਬਣੀ ਨਵੀਂ ਪੁਲੀ ਵਲ ਰੋੜ ਕੇ ਲੈ ਗਿਆ, ਜਿਸ ਕਾਰਨ ਹੁਣ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। 
ਮਾਛੀਵਾੜਾ ਵਾਇਆ ਸਮਰਾਲਾ-ਲੁਧਿਆਣਾ ਨੂੰ ਜਾਣ ਵਾਲੀ ਸੜਕ ਵੀ ਬੀਤੀ ਰਾਤ ਲੋਕਾਂ ਵਲੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੁੱਟ ਦਿੱਤੀ ਗਈ, ਜਿਸ ਕਾਰਨ ਹੁਣ ਕੇਵਲ ਲੁਧਿਆਣਾ ਸ਼ਹਿਰ ਨੂੰ ਜਾਣ ਲਈ ਸਰਹਿੰਦ ਨਹਿਰ ਦਾ ਰਸਤਾ ਹੀ ਬਾਕੀ ਰਹਿ ਗਿਆ ਹੈ। ਮਾਛੀਵਾੜਾ-ਸਮਰਾਲਾ ਤੇ ਮਾਛੀਵਾੜਾ-ਲੁਧਿਆਣਾ ਦੋਵੇਂ ਸੜਕਾਂ 'ਤੇ ਆਵਾਜ਼ਾਈ ਠੱਪ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਫਿਲਹਾਲ ਪ੍ਰਸਾਸ਼ਨ ਪਾਣੀ ਲੰਘਣ ਤੋਂ ਬਾਅਦ ਹੀ ਇਨ੍ਹਾਂ ਸੜਕਾਂ ਦੀ ਮੁਰੰਮਤ ਬਾਰੇ ਕੋਈ ਕਾਰਵਾਈ ਆਰੰਭੇਗਾ ਪਰ ਉਦੋਂ ਤੱਕ ਲੋਕਾਂ ਨੂੰ ਪੇਰਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

Babita

This news is Content Editor Babita