17 ਦਿਨਾਂ ’ਚ  437 ਮਿ. ਮੀ. ਵਰਖਾ ਹੋਈ ਰਿਕਾਰਡ, ਸ਼ਹਿਰ ''ਚ ਹੜ੍ਹ ਵਰਗੇ ਹਾਲਾਤ

07/18/2018 5:15:05 AM

ਲੁਧਿਆਣਾ(ਸਲੂਜਾ)¸ ਮਹਾਨਗਰ ਵਿਚ ਅੱਜ ਦੂਜੇ ਦਿਨ ਵੀ ਸਵੇਰ ਤੋਂ ਲੈ ਕੇ ਦੁਪਹਿਰ  11.30 ਵਜੇ ਦੇ ਲਗਭਗ 136 ਮਿ. ਮੀ. ਵਰਖਾ ਹੋਣ ਨਾਲ ਹੈਬੋਵਾਲ, ਹੰਬੜਾ ਰੋਡ, ਦੁਗਰੀ,  ਬੀ. ਆਰ. ਐੱਸ. ਨਗਰ, ਸਰਾਭਾ ਨਗਰ, ਸਮਰਾਲਾ ਚੌਕ, ਟਰਾਂਸਪੋਰਟ ਨਗਰ, ਪੱਖੋਵਾਲ ਰੋਡ,  ਆਰਤੀ ਚੌਕ ਸਮੇਤ ਸ਼ਹਿਰ ਦੇ ਕਈ ਪਾਸ਼ ਤੇ ਸਲੱਮ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਹੋ  ਗਏ। ਘਰਾਂ ਤੇ ਦੁਕਾਨਾਂ ਵਿਚ ਪਾਣੀ ਭਰਨ ਨਾਲ ਸੰਬੰਧਤ ਇਲਾਕਾ ਨਿਵਾਸੀਆਂ ਨੂੰ ਵੱਡੀ  ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਆਈ. ਐੱਮ. ਡੀ. ਅਨੁਸਾਰ 1 ਜੁਲਾਈ ਤੋਂ ਲੈ ਕੇ 17  ਜੁਲਾਈ ਤਕ 437 ਮਿ. ਮੀ. ਵਰਖਾ ਰਿਕਾਰਡ ਹੋਈ ਹੈ ਜਦਕਿ ਜੁਲਾਈ ਮਹੀਨੇ  ਵਿਚ ਇਨ੍ਹਾਂ  ਦਿਨਾਂ ਦੌਰਾਨ ਔਸਤ ਵਰਖਾ 210 ਦੇ ਕਰੀਬ ਹੁੰਦੀ ਹੈ। ਹੈਬੋਵਾਲ ਤੋਂ ਲੈ ਕੇ ਘੰਟਾਘਰ ਚੌਕ  ਤਕ ਟਰੈਫਿਕ ਵਿਵਸਥਾ ਪ੍ਰਭਾਵਿਤ ਰਹੀ। ਅਜਿਹੇ ਹਾਲਾਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ  ਸਵੇਰ ਤੋਂ ਲੈ ਕੇ ਦੁਪਹਿਰ ਤਕ ਬਣੇ ਰਹੇ। ਬੱਸ ਸਟੈਂਡ ਰੋਡ 'ਤੇ ਇਕ ਬਿਜਲੀ ਦੇ ਖੰਭੇ 'ਤੇ  ਦਰਖਤ ਡਿਗ ਗਿਆ ਪਰ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਪਿਛਲੇ 2 ਦਿਨਾਂ ਤੋਂ  ਇਹ ਬਿਜਲੀ ਦਾ ਪੋਲ ਇਸੇ ਤਰ੍ਹਾਂ ਇਕ ਪਾਸੇ ਝੁਕਿਆ ਹੋਇਆ ਹੈ।
ਦੂਜੇ ਪਾਸੇ ਬਿਜਲੀ  ਵਿਭਾਗ ਦੇ ਮੁਲਾਜ਼ਮਾਂ ਦੀ ਪਾਵਰ ਕਾਲੋਨੀ ਦੀ ਖਸਤਾ ਹਾਲਤ ਅੱਜ ਉਸ ਸਮੇਂ ਜਗ ਜ਼ਾਹਰ ਹੋ ਗਈ  ਜਦੋਂ ਕਾਲੋਨੀ ਦੀ ਕੰਧ ਵਰਖਾ ਦੌਰਾਨ ਡਿਗ ਗਈ ਅਤੇ ਪਾਣੀ ਵਿਚ ਰੁੜ੍ਹ ਗਈ। ਕਾਲੋਨੀ ਵਿਚ  ਦੋ ਤੋਂ 4 ਫੁੱਟ ਤਕ ਪਾਣੀ ਭਰਨ ਨਾਲ ਬਿਜਲੀ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ  ਮੈਂਬਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
24 ਘੰਟਿਆਂ 'ਚ ਫਿਰ ਵਰਖਾ ਹੋਣ ਦੀ ਸੰੰਭਾਵਨਾ
ਪੀ.  ਏ. ਯੂ. ਦੇ ਮੌਸਮ ਵਿਭਾਗ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਵਿਚ ਵੱਧ ਤੋਂ ਵੱਧ  ਤਾਪਮਾਨ 30 ਤੋਂ 32 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 25 ਤੋਂ 24 ਡਿਗਰੀ ਸੈਲਸੀਅਸ  ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 24 ਘੰਟਿਆਂ ਦੌਰਾਨ ਲੁਧਿਆਣਾ ਤੇ ਨੇੜਲੇ  ਇਲਾਕਿਆਂ ਵਿਚ ਫਿਰ ਤੋਂ ਹਲਕੀ ਤੇ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਹੈ। 
ਕਿਸਾਨਾਂ ਨੂੰ ਨੇਕ ਸਲਾਹ
ਪੀ.  ਏ. ਯੂ. ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਆਉਣ ਵਾਲੇ 2-3 ਦਿਨਾਂ  ਦੌਰਾਨ ਹਲਕੇ ਤੇ ਦਰਮਿਆਨੀ ਵਰਖਾ ਨੂੰ ਧਿਆਨ ਵਿਚ ਰੱਖਦੇ ਹੋਏ ਫਸਲਾਂ ਨੂੰ ਨਾ ਤਾਂ ਪਾਣੀ  ਲਾਉਣ ਤੇ ਨਾ ਹੀ ਸਪ੍ਰੇਅ ਕਰਨ। 
ਕਈ ਇਲਾਕਿਆਂ 'ਚ ਬਿਜਲੀ ਰਹੀ ਗੁੱਲ
ਵਰਖਾ ਕਾਰਨ  ਅੱਜ ਵੀ ਹੈਬੋਵਾਲ, ਚੰਦਰ ਨਗਰ, ਦੁਗਰੀ, ਸਰਾਭਾ ਨਗਰ, ਬੀ. ਆਰ. ਐੱਸ. ਨਗਰ, ਅਗਰ ਨਗਰ,  ਰਾਜਗੁਰੂ ਨਗਰ ਸਮੇਤ ਦਰਜਨਾਂ ਇਲਾਕਿਆਂ ਵਿਚ ਬਿਜਲੀ ਗੁੱਲ ਰਹਿਣ ਨਾਲ ਪਾਣੀ ਦੀ ਸਪਲਾਈ ਵੀ  ਪ੍ਰਭਾਵਿਤ ਹੋਈ। ਬਿਜਲੀ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਵਿਭਾਗ ਵਲੋਂ ਦਿੱਤਾ ਗਿਆ ਨੰਬਰ  1912 ਵੀ ਨਹੀਂ ਮਿਲਦੇ।