ਸਾਵਧਾਨ! ਭੋਗਪੁਰ ਜਾਣਾ ਤਾਂ ਚਿੱਕਡ਼ ਵਾਲੀ ਸਡ਼ਕ ’ਚੋਂ ਦੀ ਲੰਘਣਾ ਪਊ

07/16/2018 6:28:01 AM

ਭੁਲੱਥ, (ਰਜਿੰਦਰ)- ਬਰਸਾਤ ਦੇ ਦਿਨਾਂ ਵਿਚ ਭੁਲੱਥ ਤੋਂ ਭੋਗਪੁਰ ਨੂੰ ਜਾਣ ਬਾਰੇ ਜੇ ਤੁਸੀਂ ਸੋਚ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਤਹਾਨੂੰ ਭੋਗਪੁਰ ਜਾਣ ਵੇਲੇ ਭੁਲੱਥ ਸ਼ਹਿਰ ਵਿਚੋਂ ਕਮਰਾਵਾਂ ਨੂੰ ਜਾਂਦੇ ਸਮੇਂ ਰਸਤੇ ਵਿਚ ਬਾਰਿਸ਼ ਦੇ ਪਾਣੀ ਤੇ ਚਿੱਕਡ਼ ਨਾਲ ਭਰੇ ਟੋਇਆ ਵਿਚੋਂ ਲੰਘਣਾ ਪਵੇਗਾ। ਕੁਝ ਇਹੋ ਜਿਹੀ ਵਿਥਿਆ ਬਿਆਨ ਕਰਦੀ ਭੁਲੱਥ ਸ਼ਹਿਰ ਵਿਚਲੀ ਭੋਗਪੁਰ ਸਡ਼ਕ ਦੋ ਸਾਲ ਤੋਂ ਖਸਤਾ ਹਾਲਤ ਵਿਚ ਪਈ ਹੈ ਪਰ ਨਾ ਤਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਖਸਤਾ ਹਾਲਤ ਹੋਣ ਵੇਲੇ ਇਸ ਸਡ਼ਕ ਦਾ ਹੱਲ ਹੋਇਆ ਤੇ ਨਾ ਹੀ ਸੂਬੇ ਵਿਚ ਕਾਂਗਰਸ ਸਰਕਾਰ ਦੇ ਸਵਾ ਸਾਲ ਬੀਤੇ ਜਾਣ ’ਤੇ ਹੋਇਆ ਹੈ।
 ਲੋਕ ਤਾਂ ਇਸ ਖਸਤਾ ਹਾਲਤ ਸਡ਼ਕ ਤੋਂ ਲੰਘਣ ਲਈ ਮਜਬੂਰ ਹਨ ਤੇ ਇਸ ਸਡ਼ਕ ਨੇਡ਼ਲੇ ਦੁਕਾਨਦਾਰ ਤਾਂ ਇਸੇ ਆਸ ਨਾਲ ਬੈਠੇ ਹਨ ਕਿ ਇਕ ਦਿਨ ਤਾਂ ਸਾਡੀ ਸੁਣੀ ਜਾਵੇਗੀ ਕਿਉਂਕਿ ਖਸਤਾ ਹਾਲ ਸਡ਼ਕ ਕਾਰਨ ਦੁਕਾਨਦਾਰਾਂ ਨੇ ਵੀ ਆਪਣੇ ਕਾਰੋਬਾਰ ’ਤੇ ਅਸਰ ਪੈਣ ਦਾ ਖਦਸ਼ਾ ਪ੍ਰਗਟਾਇਆ ਹੈ। ਜੇਕਰ ਇਸ ਸਡ਼ਕ ਦੇ ਹੁਣ ਦੇ ਹਾਲਾਤ ਦੀ ਗੱਲ ਕਰੀਏ ਤਾਂ ਇਸ ਸਡ਼ਕ ਵਿਚ ਪਏ ਟੋਏ ਬਾਰਿਸ਼ ਦੇ ਪਾਣੀ ਨਾਲ ਭਰੇ ਪਏ ਹਨ ਤੇ ਆਸੇ-ਪਾਸੇ ਚਿੱਕਡ਼ ਹੋਇਆ ਪਿਆ ਹੈ। ਸਡ਼ਕ ਦੀ ਅਜਿਹੀ ਹਾਲਤ ਕਾਰਨ ਜਿਥੇ ਲੋਕਾਂ ਨੂੰ ਕਸ਼ਟ ਸਹਿਣਾ ਪੈ ਰਿਹਾ ਹੈ, ਉਥੇ ਨੇਡ਼ਲੇ ਦੁਕਾਨਦਾਰ ਵੀ ਮੁਸ਼ਕਿਲਾਂ ਭਰਿਆ ਸਮਾਂ ਟਪਾ ਰਹੇ ਹਨ। ਨੇਡ਼ਲੇ ਦੁਕਾਨਦਾਰ ਕਦੇ-ਕਦਾਈ ਉਦਮ ਕਰਦੇ ਹੋਏ ਆਪਣੇ ਪੱਧਰ ’ਤੇ ਸਡ਼ਕ ਦੇ ਟੋਇਆਂ ਨੂੰ ਮਿੱਟੀ ਆਦਿ ਪਵਾ ਕੇ ਸਹੀ ਕਰ ਲੈਂਦੇ ਹਨ ਪਰ ਉਹ ਵੀ ਡੰਗ ਟਪਾਊ ਕੰਮ ਹੋ ਜਾਂਦਾ ਹੈ, ਜਿਸ ਕਾਰਨ ਪਿਛੇ ਜਿਹੇ ਦੁਕਾਨਦਾਰਾਂ ਦੇ ਵਫਦ ਨੇ ਸਬ ਡਵੀਜ਼ਨ ਭੁਲੱਥ ਦੇ ਐੱਸ. ਡੀ. ਐੱਮ. ਨੂੰ ਮਿਲ ਕੇ  ਦੱਸਿਆ ਸੀ ਕਿ ਸਡ਼ਕ ਦੇ ਟੋਏ ਬਰਸਾਤਾਂ ਦੇ ਦਿਨਾਂ ਵਿਚ ਪਾਣੀ ਨਾਲ ਭਰ ਜਾਂਦੇ ਹਨ, ਸਾਨੂੰ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਤੇ ਸਡ਼ਕ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੀ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਦੁਕਾਨਦਾਰਾਂ ਦੇ ਵਫਦ ਨੂੰ ਐੱਸ. ਡੀ. ਐੱਮ. ਨੇ ਭਰੋਸਾ ਦਿੱਤਾ ਸੀ ਕਿ ਸਿਸਟਮ ਮੁਤਾਬਿਕ ਤੁਹਾਡੀ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ। 
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਪੀ. ਡਬਲਯੂ. ਡੀ. ਵਿਭਾਗ ਨੇ ਵੀ ਆਪਣੀ ਇਸ ਸਡ਼ਕ ਵਿਚ ਕੁਝ ਥਾਵਾਂ ’ਤੇ ਪਏ ਟੋਇਆ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਬਰਸਾਤੀ ਮੌਸਮ ਚੱਲ ਰਿਹਾ ਹੈ। ਬਾਰਿਸ਼ ਪੈਣ ਤੋਂ ਬਾਅਦ ਇਥੇ ਪਾਣੀ ਨਹੀਂ ਸੁੱਕ ਰਿਹਾ, ਸਗੋਂ ਜੂਨ ਮਹੀਨੇ ਦੇ ਆਖਰੀ ਹਫਤੇ ਤੋਂ ਸ਼ੁਰੂ ਹੋਇਆ ਇਥੇ ਚਿੱਕਡ਼ ਭਰਿਆ ਮਾਹੌਲ ਹਾਲੇ ਤਕ ਚੱਲ ਰਿਹਾ ਹੈ ਜੋ ਇਥੋਂ ਲੰਘਣ ਵਾਲੇ ਲੋਕਾਂ ਲਈ ਵੱਡੀ ਮੁਸੀਬਤ ਬਣਿਆ ਹੋਇਆ ਹੈ। ਇਸ ਸਬੰਧ ਵਿਚ ਨੇਡ਼ਲੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਤੋਂ ਇਸ ਸਡ਼ਕ ਨੂੰ ਬਣਾਏ ਜਾਣ ਦੀ ਮੰਗ ਕੀਤੀ ਹੈ।