ਮੀਂਹ ਤੇ ਝੱਖੜ ਨੇ ਕਿਸਾਨਾਂ ਦੇ ਅਰਮਾਨਾਂ ''ਤੇ ਫੇਰਿਆ ਪਾਣੀ

04/12/2018 7:14:19 AM

ਸੁਲਤਾਨਪੁਰ ਲੋਧੀ(ਜ.ਬ.)-ਕਣਕ ਦੀ ਕਟਾਈ ਤੋਂ ਪਹਿਲਾਂ ਫਿਰ ਬੀਤੇ ਸਾਲ ਵਾਂਗ ਰੰਗ ਵਿਖਾਉਂਦੇ ਹੋਏ ਕੁਦਰਤ ਕਿਸਾਨਾਂ 'ਤੇ ਮੀਂਹ ਤੇ ਝੱਖੜ ਰੂਪ 'ਚ ਆਫਤ ਬਣ ਕੇ ਆਈ ਹੈ ਤੇ ਉਸਨੇ ਕਿਸਾਨਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ ਹੈ। ਬੀਤੀ ਰਾਤ ਮੌਸਮ 'ਚ ਆਈ ਫਿਰ ਤਬਦੀਲੀ ਨੇ ਕਈ ਥਾਵਾਂ 'ਤੇ ਹਾੜ੍ਹੀ ਦੀ ਮੁੱਖ ਫਸਲ ਕਣਕ ਨੂੰ ਧਰਤੀ 'ਤੇ ਵਿਛਾ ਦਿੱਤਾ ਹੈ। ਕਣਕ ਦੇ ਨਾਲ ਹੀ ਹੋਰ ਕਈ ਫਸਲਾਂ ਤੇ ਪਸ਼ੂਆਂ ਲਈ ਬੀਜੇ ਹਰੇ ਚਾਰੇ ਦਾ ਵੀ ਨੁਕਸਾਨ ਕਰ ਦਿੱਤਾ ਹੈ। ਇਸ ਨੁਕਸਾਨ ਦੀ ਮਾਰ ਹੇਠ ਸਭ ਤੋਂ ਜ਼ਿਆਦ ਤਾਜ਼ਾ ਬੀਜੀਆਂ ਗਈਆਂ ਇਸ ਰੁੱਤ ਦੀਆਂ ਸਬਜ਼ੀਆਂ ਆਈਆਂ ਹਨ। ਮੌਸਮ ਵਿਭਾਗ ਵੱਲੋਂ ਹਾਲੇ ਅਗਲੇ 24 ਘੰਟਿਆਂ ਦੌਰਾਨ ਸੂਬੇ 'ਚ ਮੌਸਮ ਖਰਾਬ ਰਹਿਣ ਸਬੰਧੀ ਕੀਤੀ ਪੇਸੀਨਗੋਈ ਨੇ ਕਿਸਾਨਾਂ ਦੇ ਸਾਹ ਸੂਤੇ ਪਏ ਹਨ। 
ਕਣਕ ਦੀ ਕਟਾਈ ਹੋਵੇਗੀ ਪ੍ਰਭਾਵਿਤ 
ਕਰੀਬ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਕਣਕ ਦੀ ਫਸਲ ਲਈ ਜਿਥੇ ਕਿਸਨ ਨੇ ਕੰਬਾਈਨਾਂ ਨਾਲ ਕਟਾਈ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਇਹ ਇਕ ਜਾਂ 2 ਦਿਨ ਤੋਂ ਵਿਸਾਖੀ 'ਤੇ ਪੂਰਾ ਜ਼ੋਰ ਫੜ ਲੈਣਾ ਸੀ। ਹੁਣ ਪ੍ਰਭਾਵਿਤ ਹੋਵੇਗੀ ਕਿਉਂਕਿ ਵਿਛੀ ਹੋਈ ਫਸਲ 'ਤੇ ਕੰਬਾਈਨ ਨਾਲ ਕਟਾਈ ਨਹੀਂ ਹੋ ਸਕਦੀ। 
ਕੀ ਕਹਿਣੈ ਖੇਤੀਬਾੜੀ ਵਿਭਾਗ ਦਾ
ਇਸ ਸਬੰਧੀ ਖੇਤੀਬਾੜੀ ਅਧਿਕਾਰੀ ਡਾ. ਪਰਮਿੰਦਰ ਕੁਮਾਰ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਲਈ ਹੁਣ ਬਾਰਿਸ਼ ਨੁਕਸਾਨ ਸਾਬਤ ਹੋਵੇਗੀ ਕਿਉਂਕਿ ਜੇ ਬਾਰਿਸ਼ ਨਾ ਰੁਕੀ ਤਾਂ ਇਸ ਦਾ ਅਸਰ ਝਾੜ 'ਤੇ ਵੀ ਪਵੇਗਾ। ਹੁਣ ਜਦੋਂ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਤਾਂ ਮੀਂਹ ਨਹੀਂ ਚਾਹੀਦਾ। ਉਨ੍ਹਾਂ ਦਸਿਆ ਕਿ ਬੀਤੀ ਰਾਤ ਕਰੀਬ 3 ਐੱਮ. ਐੱਮ. ਬਾਰਸ਼ ਹੋਈ ਸੀ।
ਬੇਮੌਸਮੀ ਮੀਂਹ ਤੇ ਹਨੇਰੀ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਿਲਾਂ
ਬੇਮੌਸਮੀ ਮੀਂਹ ਤੇ ਹਨੇਰੀ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਵਧਾ ਦਿੱਤਾ ਹੈ। ਅਜਿਹੀ ਹਾਲਤ 'ਚ ਕਣਕ ਦੀ ਕਟਾਈ ਵੀ ਦੇਰੀ ਹੋਣ ਦੀ ਪੂਰੀ ਸੰਭਾਵਨਾ ਹੈ, ਉਥੇ ਪ੍ਰਭਾਵਿਤ ਖੇਤਰਾਂ 'ਚ ਕਣਕ ਦੀ ਪੈਦਾਵਾਰ 'ਤੇ ਵੀ ਅਸਰ ਪੈ ਸਕਦਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਬਰਸਾਤ ਤੇ ਹਨੇਰੀ ਨਾਲ ਕਣਕ ਦੀਆਂ ਬੱਲੀਆਂ 'ਤੇ ਬੁਰਾ ਅਸਰ ਪਿਆ ਹੈ, ਜਿਸ ਕਾਰਨ ਝਾੜ ਘੱਟ ਹੋਣ ਦਾ ਡਰ ਹੈ। ਕਣਕ ਦੇ ਦਾਣੇ 'ਤੇ ਵੀ ਅਸਰ ਪੁੱਜਾ ਹੈ। ਜੇ ਕਿਤੇ ਹੋਰ ਬਾਰਿਸ਼ ਪੈ ਗਈ ਤਾਂ ਇਸ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਏਗੀ, ਜਿਸ ਨਾਲ ਕਿਸਾਨਾਂ ਨੂੰ ਹੋਰ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਣਕ ਦੀ ਫਸਲ ਹੀ ਅਜਿਹੀ ਫਸਲ ਹੈ, ਜਿਸ ਦਾ ਦਾਰੋਮਦਾਰ ਹਰੇਕ ਵਰਗ ਚਾਹੇ ਉਹ ਗਰੀਬ ਮਜ਼ਦੂਰ ਹੋਵੇ, ਕਿਸਾਨ ਹੋਵੇ ਜਾਂ ਆਮ ਵਰਗ ਹੋਵੇ ਸਾਰਿਆਂ 'ਤੇ ਪੈਂਦਾ ਹੈ। ਸਾਰੇ ਸਾਲ ਦੀ ਰੋਟੀ ਇਸ ਫਸਲ 'ਤੇ ਹੀ ਨਿਰਭਰ ਕਰਦੀ ਹੈ ਜੇ ਕਣਕ ਦੀ ਫਸਲ ਖਰਾਬ ਹੋ ਗਈ ਤਾਂ ਕਿਸਾਨਾਂ ਨੂੰ ਖੁੱਦ ਘਰ ਰੱਖਣ ਦੇ ਲਾਲੇ ਪੈ ਸਕਦੇ ਹਨ।