ਬੱਦਲਾਂ ਵੱਲ ਦੇਖਦਿਆਂ ਹੀ ਦਹਿਲ ਜਾਂਦੇ ਹਨ ਇਥੋਂ ਦੇ ਕਿਸਾਨਾਂ ਦੇ ਦਿਲ

06/19/2017 11:57:03 AM

ਜੀਰਾ (ਅਕਾਲੀਆਂ ਵਾਲਾ)—ਪਿੰਡ ਬੋਘੇਵਾਲਾ ਦੇ ਕਿਸਾਨਾਂ ਦੇ ਦਿਲ ਆਸਮਾਨ ਵਿਚ ਬੱਦਲਾਂ ਨੂੰ ਦੇਖਦਿਆਂ ਦਹਿਲ ਜਾਂਦੇ ਹਨ। ਮੌਸਮ ਗਰਮੀ ਦਾ ਹੈ ਅਤੇ ਝੋਨੇ ਲਈ ਬਰਸਾਤ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਪਿੰਡ ਦੇ ਲਗਭਗ 80 ਏਕੜ ਝੋਨੇ ਦੇ ਰਕਬੇ ਨੂੰ ਵੀ ਪਾਣੀ ਦੀ ਮਾਰ ਪੈਂਦੀ ਹੈ। 
ਕਿਉਂ ਆ ਰਹੀ ਹੈ ਪਾਣੀ ਦੀ ਸਮੱਸਿਆ 
ਪਿਛਲੇ ਸਾਲ ਕੀਤੀ ਗਈ ਸੇਮ ਨਾਲਿਆਂ ਦੀ ਸਫਾਈ ਦੌਰਾਨ ਧਰਮਕੋਟ ਤਹਿਸੀਲ ਦੇ ਪਿੰਡ ਕਾਦਰਵਾਲਾ ਕੋਲ ਦੀ ਜੋ ਸੇਮ ਨਾਲਾ ਆਉਂਦਾ ਹੈ, ਉਸ ਦੀ ਸਫਾਈ ਕੀਤੀ ਗਈ ਸੀ, ਜਿਸ ਦੀ ਹੱਦ ਇਸ ਪਿੰਡ 'ਤੇ ਖਤਮ ਹੁੰਦੀ ਹੈ। ਇਸ ਸੇਮ ਨਾਲੇ ਦਾ ਪਾਣੀ ਪਿੰਡ ਬੋਘੇਵਾਲਾ ਦੇ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ। 
ਪਿਛਲੇ ਸਾਲ ਵੀ ਹੋਇਆ ਸੀ 80 ਏਕੜ ਝੋਨਾ ਖਰਾਬ 
ਪਿੰਡ ਬੋਘੇਵਾਲਾ ਦੇ ਕਿਸਾਨ ਅਜੀਤ ਸਿੰਘ ਨੰਬਰਦਾਰ, ਡੋਗਰ ਸਿੰਘ, ਅਜਮੇਰ ਸਿੰਘ, ਸੂਬਾ ਸਿੰਘ, ਗੁਰਪ੍ਰੀਤ ਸਿੰਘ, ਆਦਿ ਨੇ ਦੱਸਿਆ ਕਿ ਇਸ ਪਿੰਡ ਵਿਚ ਸੇਮ ਨਾਲਾ ਤਾਂ ਜ਼ਰੂਰ ਹੈ, ਜੋ ਪਿੰਡ ਬੂਲੇ ਤੱਕ ਇਸ ਪਿੰਡ ਦੇ ਖੇਤਾਂ ਦੇ ਵਾਧੂ ਪਾਣੀ ਦੀ ਨਿਕਾਸੀ ਕਰਦਾ ਸੀ ਪਰ ਇਸ ਦੀ ਹੋਂਦ ਖਤਮ ਹੋ ਚੁੱਕੀ ਹੈ। ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ੇ ਕਰਨ ਕਰ ਕੇ ਮੋਗਾ-ਅੰਮ੍ਰਿਤਸਰ ਮਾਰਗ 'ਚੋਂ ਇਸ ਪਾਣੀ ਦਾ ਨਿਕਾਸ ਅੱਗੇ ਨਹੀਂ ਹੋ ਰਿਹਾ, ਜਿਸ ਕਰ ਕੇ ਪਿਛਲੇ ਸਾਲ 80 ਏਕੜ ਝੋਨਾ ਖ਼ਰਾਬ ਹੋ ਗਿਆ ਸੀ। ਇਸ ਵਾਰ ਵੀ ਕਿਸਾਨ ਇਸ ਗੱਲੋਂ ਚਿੰਤਤ ਹਨ। 
ਸੇਮ ਨਾਲੇ ਦਾ ਕੰਮ ਜਲਦੀ ਹੋਵੇਗਾ ਮੁਕੰਮਲ : ਜਥੇ. ਜ਼ੀਰਾ 
ਸਾਬਕਾ ਮੰਤਰੀ ਜਥੇ. ਇੰਦਰਜੀਤ ਸਿੰਘ ਜ਼ੀਰਾ ਨੇ ਕਿਹਾ ਕਿ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਰ ਕੇ ਕਿਸਾਨਾਂ ਦੀ ਇਸ ਮੁਸ਼ਕਿਲ ਵੱਲ ਧਿਆਨ ਨਹੀਂ ਦਿੱਤਾ ਗਿਆ। ਕਿਸਾਨ ਇਸ ਮੁਸ਼ਕਿਲ ਨੂੰ ਲੈ ਕੇ ਮੇਰੇ ਕੋਲ ਆਏ ਸਨ ਅਤੇ ਇਸ ਦਾ ਕੰਮ ਕਾਗਜ਼ੀ ਕਾਰਵਾਈ ਪੱਖੋਂ ਪੂਰਾ ਹੋ ਗਿਆ ਹੈ ਤੇ ਜਲਦੀ ਹੀ ਕਿਸਾਨਾਂ ਨੂੰ ਇਸ ਮੁਸ਼ਕਿਲ ਤੋਂ ਮੁਕਤੀ ਮਿਲ ਜਾਵੇਗੀ।