ਸਹੂਲਤਾਂ ਨੂੰ ਤਰਸ ਰਿਹਾ ਡੀ.ਏ.ਵੀ ਕਾਲਜ ਹਾਲਟ ਜਲਾਲਾਬਾਦ ਦਾ ਰੇਲਵੇ ਸ਼ਟੇਸ਼ਨ

03/26/2017 6:52:22 PM

ਜਲਾਲਾਬਾਦ (ਨਿਖੰਜ) : ਕੇਂਦਰ ਸਰਕਾਰ ਵਲੋਂ ਭਾਂਵੇ ਹਰ ਸਾਲ ਰੇਲਵੇ ਵਿਭਾਗ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਬਜਟ ''ਚ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਪੰਜਾਬ ਦੇ ਕਈ ਸ਼ਹਿਰਾਂ ਦੇ ਰੇਲਵੇ ਸਟੇਸ਼ਨ ਅਜੇ ਤੱਕ ਵੀ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਸੱਖਣੇ ਹਨ। ਅਜਿਹਾ ਹੀ ਇਕ ਸਟੇਸ਼ਨ ਡੀ.ਏ.ਵੀ ਕਾਲਜ ਹਾਲਟ ਜਲਾਲਾਬਾਦ ਦਾ ਹੈ। ਜੋ ਕਿ ਰੇਲਵੇ ਵਲੋਂ ਅਨੇਕਾਂ ਪ੍ਰਕਾਰ ਦੀਆਂ ਸਹੂਲਤਾਂ ਨੂੰ ਤਰਸ ਰਿਹਾ ਹੈ। ਜਿੱਥੇ ਪੀਣ ਲਈ ਪਾਣੀ, ਪਖਾਨੇ, ਬਿਜਲੀ ਦਾ ਪ੍ਰਬੰਧ ਤੋਂ ਇਲਾਵਾ ਯਾਤਰੀਆਂ ਲਈ ਬੈਠਣ ਲਈ ਬੈਂਚ ਵੀ ਨਾਮਾਤਰ ਹੀ ਹਨ। ਉਕਤ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਨਾ ਹੋਣ ਕਾਰਨ ਯਾਤਰੀਆ ਨੂੰ ਗੱਡੀ ਵਿਚ ਚੜ੍ਹਨ ਅਤੇ ਹੇਠਾਂ ਉਤਰਨ ਸਮੇਂ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਟੀਮ ਨੇ ਕੀਤਾ ਦੌਰਾ
''ਜਗ ਬਾਣੀ'' ਦੀ ਟੀਮ ਨੇ ਰੇਲਵੇ ਸਟੇਸ਼ਨ ਡੀ.ਏ.ਵੀ ਹਾਲਟ ਜਲਾਲਾਬਾਦ ਦਾ ਦੌਰਾ ਕਰਕੇ ਯਾਤਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਰੇਲਵੇ ਸਟੇਸ਼ਨ ਤੋਂ ਪਿੰਡ ਬਾਹਮਣੀ ਵਾਲਾ, ਚੱਕ ਮੌਜਦੀਨ ਵਾਲਾ ਸੂਰਘੂਰੀ ਤੋਂ ਇਲਾਵਾ ਅਨੇਕਾਂ ਪਿੰਡਾਂ ਦੇ ਲੋਕ ਰੇਲ ਗੱਡੀ ਰਾਹੀ ਸਫਰ ਕਰਨ ਲਈ ਆÀੁਂਦੇ ਹਨ ਪਰ ਉਕਤ ਰੇਲਵੇ ਸਟੇਸ਼ਨ ''ਤੇ ਸਿਰਫ ਇਕ ਹੀ ਨਲਕਾ ਲੱਗਿਆ ਹੋਇਆ ਹੈ ਅਤੇ ਉਸਦਾ ਪਾਣੀ ਵੀ ਪੀਣ ਯੋਗ ਨਾ ਹੋਣ ਕਾਰਨ ਯਾਤਰੀ  ਅਸ਼ੁੱਧ ਪਾਣੀ ਪੀਣ ਲਈ ਮਜ਼ਬੂਰ ਹਨ। ਦੂਜੇ ਪਾਸੇ ਯਾਤਰੀਆਂ ਦੇ ਬੈਠਣ ਲਈ ਕੋਈ ਖਾਸ ਪ੍ਰਬੰਧ ਨਹੀਂ ਹੈ। ਜੇਕਰ ਪਲੇਟਫਾਰਮ ਦੀ ਗੱਲ ਕੀਤੀ ਜਾਵੇ ਤਾਂ ਰੇਲਵੇ ਵਿਭਾਗ ਵਲੋਂ ਪਲੇਟਫਾਰਮ ਸਥਾਪਤ ਹੀ ਨਹੀ ਕੀਤਾ ਗਿਆ। ਗੱਡੀ ਵਿਚ ਚੜ੍ਹਨ ਅਤੇ ਉਤਰਨ ਸਮੇਂ ਬਜ਼ੁਰਗਾਂ, ਅੰਗਹੀਣਾਂ, ਛੋਟੇ ਬੱਚਿਆਂ ਔਰਤਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਗੱਡੀ ਵਿਚ ਚੜ੍ਹਦੇ ਸਮੇਂ ਕਈ ਯਾਤਰੀ ਡਿੱਗਣ ਨਾਲ ਜ਼ਖਮੀ ਵੀ ਹੋ ਚੁੱਕੇ ਹਨ।

ਲੋਕਾਂ ਨੇ ਕੀਤੀ ਰੇਲਵੇ ਵਿਭਾਗ ਤੋਂ ਮੰਗ

ਲੋਕਾਂ ਨੇ ਰੇਲਵੇ ਵਿਭਾਗ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਸਟੇਸ਼ਨ ''ਤੇ ਬਿਜਲੀ, ਪੀਣ ਵਾਲੇ ਪਾਣੀ, ਪਖਾਨਿਆਂ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇ ਅਤੇ ਯਾਤਰੀਆਂ ਦੇ ਬੈਠਣ ਲਈ ਬੈਂਚ ਦੇ ਨਾਲ ਸ਼ੈੱਡ ਵੀ ਬਣਾਈ ਜਾਵੇ। ਯਾਤਰੀਆਂ ਨੇ ਦੱਸਿਆ ਕਿ ਸਵੇਰ ਸਮੇਂ ਫਿਰੋਜ਼ਪੁਰ ਤੋਂ ਸ਼੍ਰੀ ਗੰਗਾਨਗਰ ਨੂੰ ਜਾਣ ਵਾਲੀ ਗੱਡੀ ਚੜ੍ਹਨ ਲਈ ਲੋਕਾਂ ਨੂੰ ਜਲਾਲਾਬਾਦ ਦੇ ਮੁੱਖ ਰੇਲਵੇ ਸਟੇਸ਼ਨ ''ਤੇ ਜਾਣਾ ਪੈਂਦਾ ਹੈ ਅਤੇ ਯਾਤਰੀਆਂ ਨੇ ਮੰਗ ਕੀਤੀ ਕਿ ਫਿਰੋਜ਼ਪੁਰ ਤੋਂ ਸ਼੍ਰੀ ਗੰਗਾਨਗਰ ਨੂੰ ਜਾਣ ਵਾਲੀ ਗੱਡੀ ਨੂੰ ਜਲਾਲਾਬਾਦ ਦੇ ਡੀ.ਏ.ਵੀ ਰੇਲਵੇ ਸਟੇਸ਼ਨ ''ਤੇ ਰੋਕਿਆ ਜਾਵੇ।

Gurminder Singh

This news is Content Editor Gurminder Singh