ਬਹਾਨੇ ਨਾਲ ਔਰਤ 9 ਮਹੀਨਿਆਂ ਦੀ ਬੱਚੀ ਛੱਡ ਕੇ ਫਰਾਰ

09/09/2019 11:29:44 AM

ਲੁਧਿਆਣਾ (ਗੌਤਮ) : ਰੇਲਵੇ ਸਟੇਸ਼ਨ ਕੰਪਲੈਕਸ 'ਚ ਆਟੋ ਸਟੈਂਡ ਦੇ ਨੇੜੇ ਐਤਵਾਰ ਨੂੰ ਇਕ ਔਰਤ ਮੋਬਾਇਲ ਰੀਚਾਰਜ ਕਰਾਉਣ ਦਾ ਬਹਾਨਾ ਬਣਾ ਕੇ ਆਪਣੀ 9 ਮਹੀਨੇ ਦੀ ਬੱਚੀ ਨੂੰ ਛੱਡ ਕੇ ਫਰਾਰ ਹੋ ਗਈ, ਜਦੋਂ ਕਾਫੀ ਸਮੇਂ ਤੱਕ ਔਰਤ ਵਾਪਸ ਨਹੀਂ ਆਈ ਤਾਂ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਰੇਲਵੇ ਚਾਈਲਡ ਲਾਈਨ ਦੀ ਟੀਮ ਵੀ ਮੌਕੇ 'ਤੇ ਪੁੱਜ ਗਈ, ਜਿਨ੍ਹਾਂ ਨੇ ਬੱਚੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸਣਯੋਗ ਹੈ ਕਿ 30 ਸਤੰਬਰ ਨੂੰ ਵੀ ਇਕ ਔਰਤ ਕਰੀਬ 5 ਮਹੀਨਿਆਂ ਦਾ ਲੜਕਾ ਛੱਡ ਕੇ ਫਰਾਰ ਹੋ ਗਈ ਸੀ, ਜਿਸ ਦੇ ਬਾਰੇ Ýਚ ਕੁਝ ਪਤਾ ਨਹੀਂ ਲੱਗਾ।
ਆਟੋ ਸਟੈਂਡ 'ਤੇ ਮੌਜੂਦਾ ਲੋਕਾਂ ਨੇ ਦੱਸਿਆ ਕਿ ਇਕ ਔਰਤ ਕਾਫੀ ਸਮੇਂ ਤੋਂ ਬੱਚੀ ਨੂੰ ਲੈ ਕੇ ਸਟੈਂਡ ਦੇ ਨੇੜੇ ਬੈਠੀ ਸੀ। ਕੁਝ ਸਮੇਂ ਬਾਅਦ ਔਰਤ ਨੇੜੇ ਦੇ ਲੋਕਾਂ ਨੂੰ ਕਹਿ ਕੇ ਚਲੀ ਗਈ ਕਿ ਉਹ ਆਪਣਾ ਮੋਬਾਇਲ ਰੀਚਾਰਜ ਕਰਾਉਣ ਲਈ ਬਾਹਰ ਦੁਕਾਨ 'ਤੇ ਜਾ ਰਹੀ ਹੈ, ਕੁਝ ਸਮੇਂ 'ਚ ਆ ਜਾਵੇਗੀ ਪਰ ਵਾਪਸ ਨਾ ਆਉਣ 'ਤੇ ਲੋਕ ਉਸ ਨੂੰ ਲੱਭਣ ਲੱਗੇ ਪਰ ਔਰਤ ਨਹੀਂ ਮਿਲੀ। ਬੱਚੀ ਨੇ ਗੰਦੇ ਕੱਪੜੇ ਪਾਏ ਸਨ ਤੇ ਉਸ ਦਾ ਮਲਮੂਤਰ ਕਾਰਨ ਬੁਰਾ ਹਾਲ ਸੀ। ਜਦੋਂ ਕਾਫੀ ਸਮੇਂ ਤੱਕ ਔਰਤ ਵਾਪਸ ਨਹੀਂ ਆਈ ਤਾਂ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਪਤਾ ਲੱਗਣ 'ਤੇ ਅਧਿਕਾਰੀਆਂ ਨੇ ਇਸ ਦੀ ਪਲੇਟਫਾਰਮ 'ਤੇ ਵੀ ਅਨਾਊਂਸਮੈਂਟ ਕੀਤੀ ਪਰ ਕੋਈ ਵੀ ਬੱਚੀ ਲੈਣ ਨਹੀਂ ਆਇਆ। ਰੇਲਵੇ ਚਾਈਲਡ ਲਾਈਨ ਦੇ ਕੁਲਦੀਪ ਡਾਗੋਂ ਨੇ ਦੱਸਿਆ ਕਿ ਪੁਲਸ ਦੇ ਨਾਲ ਮਿਲ ਕੇ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਤੋਂ ਨਿਰਦੇਸ਼ ਲੈਣ ਤੋਂ ਬਾਅਦ ਬੱਚੀ ਨੂੰ ਸਵਾਮੀ ਗੰਗਾ ਨੰਦ ਭੂਰੀ ਵਾਲੇ ਪ੍ਰਧਾਨ ਬੀਬੀ ਜਸਵੀਰ ਕੌਰ ਦੇ ਹਵਾਲੇ ਕਰ ਦਿੱਤਾ, ਜੋ ਕਿ ਉਸ ਦਾ ਪਾਲਣ ਪੋਸ਼ਣ ਕਰੇਗੀ।

Babita

This news is Content Editor Babita