ਹੁਸ਼ਿਆਰਪੁਰ: ਰੇਲਵੇ ਮੁਲਾਜ਼ਮ ਨੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ

10/01/2019 10:28:23 AM

ਹੁਸ਼ਿਆਰਪੁਰ (ਅਮਰਿੰਦਰ)— ਆਪਣੀ ਬੀਮਾਰੀ ਤੋਂ ਪਰੇਸ਼ਾਨ ਜਲੰਧਰ-ਕੈਂਟ ਰੇਲਵੇ ਸਟੇਸ਼ਨ 'ਤੇ ਬਤੌਰ ਟਰਾਲੀ ਮੈਨ ਦੇ ਅਹੁਦੇ 'ਤੇ ਤਾਇਨਾਤ ਰੇਲਵੇ ਕਰਮਚਾਰੀ ਨੇ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ। ਵਿਅਕਤੀ ਦੀ ਪਛਾਣ ਅਸ਼ੋਕ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਹੁਸ਼ਿਆਰਪੁਰ ਦੇ ਮੁਹੱਲਾ ਰਿਸ਼ੀ ਨਗਰ ਦੇ ਰੂਪ 'ਚ ਹੋਈ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਅਸ਼ੋਕ ਕੁਮਾਰ ਹੁਸ਼ਿਆਰਪੁਰ ਤੋਂ ਜਲੰਧਰ ਆ ਰਹੀ ਟਰੇਨ ਦੇ ਆਉਣ ਤੋਂ ਚੰਦ ਸੈਕਿੰਡ ਪਹਿਲਾਂ ਹੀ ਟਰੈਕ 'ਤੇ ਗਰਦਨ ਨੂੰ ਪਟੜੀ 'ਤੇ ਰੱਖ ਕੇ ਲੇਟ ਗਿਆ ਸੀ। ਇਸ ਦੌਰਾਨ ਟਰੇਨ ਦੇ ਲੰਘਦੇ ਹੀ ਅਸ਼ੋਕ ਕੁਮਾਰ ਦਾ ਸਿਰ ਧੜ ਤੋਂ ਵੱਖ ਹੋ ਗਿਆ। 

ਜੇਬ 'ਚ ਰੱਖੇ ਪਛਾਣ ਪੱਤਰ ਤੋਂ ਹੋਈ ਪਛਾਣ 
ਹੁਸ਼ਿਆਰਪੁਰ ਰੇਲਵੇ ਸਟੇਸ਼ਨ ਤੋਂ ਸਿਰਫ ਅੱਧਾ ਕਿਲੋਮੀਟਰ ਦੂਰ ਰੇਲਵੇ ਮੰਡੀ ਗਰਾਊਂਡ ਦੇ ਸਾਹਮਣੇ ਅੱਜ ਸਵੇਰੇ ਕਰੀਬ 8 ਵਜੇ ਇਹ ਘਟਨਾ ਵਾਪਰੀ। ਘਟਨਾ ਦੀ ਸੂਚਨਾ ਗਾਰਡ ਅਤੇ ਡਰਾਈਵਰ ਵੱਲੋਂ ਜੀ. ਆਰ. ਪੀ. ਪੁਲਸ ਚੌਕੀ ਦੇ ਇੰਚਾਰਜ ਹਰਦੀਪ ਸਿੰਘ ਨੂੰ ਮਿਲਦੇ ਹੀ ਉਹ ਮੌਕੇ 'ਤੇ ਪਹੁੰਚੇ ਅਤੇ ਜਾਂਚ ਕੀਤੀ। ਰੇਲਵੇ 'ਚ ਤਾਇਨਾਤ ਆਪਣੇ ਹੀ ਕਰਮਚਾਰੀ ਦੇ ਜੇਬ 'ਚ ਪਿਆ ਪਛਾਣ ਪੱਤਰ ਨੂੰ ਦੇਖ ਕੇ ਲਾਸ਼ ਦੀ ਪਛਾਣ ਕੀਤੀ ਗਈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਚੌਕੀ ਇੰਚਾਰਜ ਹਰਦੀਪ ਸਿੰਘ ਨੇ ਸਿਵਲ ਹਸਪਤਾਲ ਭੇਜ ਦਿੱਤਾ ਹੈ। 


ਲਿਵਰ ਦੀ ਸਮੱਸਿਆ ਤੋਂ ਪਰੇਸ਼ਾਨ ਸੀ ਕਰਮਚਾਰੀ 
ਦੱਸਿਆ ਜਾ ਰਿਹਾ ਹੈ ਕਿ ਅਸ਼ੋਕ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਲਿਵਰ ਦੀ ਸਮੱਸਿਆ ਤੋਂ ਪਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਜਲੰਧਰ-ਕੈਂਟ 'ਤੇ ਡਿਊਟੀ ਕਰਨ ਲਈ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੇ ਠੀਕ ਸਾਹਮਣੇ ਹੀ ਮੁਹੱਲਾ ਰਿਸ਼ੀ ਨਗਰ ਤੋਂ ਨਿਕਲਿਆ ਸੀ। ਰੋਜ਼ਾਨਾ ਵਾਂਗ ਅੱਜ ਵੀ ਮੰਗਲਵਾਰ ਵੀ ਸਵੇਰੇ 7 ਵਜੇ ਡਿਊਟੀ ਲਈ ਨਿਕਲਣ ਤੋਂ ਬਾਅਦ ਮਾਨਸਿਕ ਪਰੇਸ਼ਾਨੀ ਦੌਰਾਨ ਰੇਲਵੇ ਸਟੇਸ਼ਨ ਦੀ ਬਜਾਏ ਫਗਵਾੜਾ ਰੇਲਵੇ ਟਰੈਕ ਤੋਂ ਹੁੰਦੇ ਹੋਏ ਟਰੈਕ ਵੱਲ ਚਲਾ ਗਿਆ, ਜਿੱਥੇ ਉਸ ਨੇ ਖੁਦਕੁਸ਼ੀ ਕਰ ਲਈ।  

shivani attri

This news is Content Editor shivani attri