ਸ਼ਤਾਬਦੀ ਵਰਗੀ ਟਰੇਨ ''ਚ ਦਿੱਤੇ ਜਾ ਰਹੇ ਨੇ ਮਿਆਦ ਪੁਗਾ ਚੁੱਕੇ ਖਾਧ ਪਦਾਰਥ, ਯਾਤਰੀਆਂ ਨੇ ਕੀਤੀ ਸ਼ਿਕਾਇਤ

10/25/2017 7:13:04 PM

ਜਲੰਧਰ(ਪਾਹਵਾ)— ਕੁਝ ਸਮੇਂ 'ਚ ਰੇਲਵੇ ਨੇ ਪਲੇਟਫਾਰਮ ਟਿਕਟ ਤੋਂ ਲੈ ਕੇ ਕੁਝ ਸ਼੍ਰੇਣੀਆਂ ਦੇ ਕਿਰਾਏ 'ਚ ਵਾਧਾ ਤਾਂ ਕਰ ਦਿੱਤਾ ਪਰ ਇਸ ਦੇ ਬਾਅਦ ਵੀ ਰੇਲਵੇ 'ਚ ਲੋਕਾਂ ਨੂੰ ਵਧੀਆ ਸਹੂਲਤਾਂ ਨਹੀਂ ਮਿਲ ਪਾ ਰਹੀਆਂ ਹਨ। ਹੁਣ ਸ਼ਤਾਬਦੀ ਵਰਗੀਆਂ ਗੱਡੀਆਂ 'ਚ ਅਜਿਹੇ ਖਾਧ ਪਦਾਰਥ ਪਰੋਸੇ ਜਾ ਰਹੇ ਹਨ, ਜੋਕਿ ਮਿਆਦ ਪੁਗਾ ਚੁੱਕੇ ਹਨ ਅਤੇ ਇਸ ਨੂੰ ਖਾਣ ਨਾਲ ਵਿਅਕਤੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ। ਮੰਗਲਵਾਰ ਨੂੰ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸਵਰਨ ਸ਼ਤਾਬਦੀ ਐਕਸਪ੍ਰੈੱਸ 12030 'ਚ ਮਿਆਦ ਪੁਗਾ ਚੁੱਕੀ ਸੋਨ ਪਾਪੜੀ ਉਪਲੱਬਧ ਕਰਵਾਉਣ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਗੱਡੀ 'ਚ ਸਫਰ ਕਰ ਰਹੇ ਭੋਗਪੁਰ ਵਾਸੀ ਪਰਸ਼ੋਤਮ ਸ਼ਰਮਾ ਅਤੇ ਸਮੀਰ ਲਤਾ ਅਤੇ ਨਾਗਪੁਰ ਵਾਸੀ ਐੱਚ. ਐੱਸ. ਮਿਰਾਨੀ ਨੇ ਦੋਸ਼ ਲਗਾਇਆ ਕਿ ਸਫਰ ਦੌਰਾਨ ਉਨ੍ਹਾਂ ਨੂੰ ਜੋ ਖਾਣ-ਪੀਣ ਦਾ ਸਾਮਾਨ ਦਿੱਤਾ ਗਿਆ, ਉਸ ਦੀ ਮਿਆਦ ਪੁੱਗੀ ਹੋਈ ਸੀ। ਇਸ ਬਾਰੇ ਜਦੋਂ ਯਾਤਰੀਆਂ ਵੱਲੋਂ ਇਤਰਾਜ਼ ਜਤਾਇਆ ਗਿਆ ਤਾਂ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਨਾ ਮੰਨੀ। ਉਕਤ ਯਾਤਰੀਆਂ ਵੱਲੋਂ ਸ਼ਿਕਾਇਤ ਪੱਤਰ ਮੰਗਣ 'ਤੇ ਆਈ. ਆਰ. ਸੀ. ਟੀ. ਸੀ. ਦੇ ਕਰਮਚਾਰੀ ਮਾਮਲਾ ਨਜਿੱਠਣ ਦੀ ਕੋਸ਼ਿਸ਼ 'ਚ ਲੱਗ ਗਏ।

ਗੱਡੀ ਦੇ ਕੋਚ ਨੰਬਰ ਸੀ-9 'ਚ ਯਾਤਰਾ ਕਰ ਰਹੇ ਕੁਲਦੀਪ ਤ੍ਰੇਹਨ ਨੇ ਦੱਸਿਆ ਕਿ ਗੱਡੀ 'ਚ ਯਾਤਰੀਆਂ ਨੂੰ ਸੋਨ ਪਾਪੜੀ ਦਿੱਤੀ ਜਾ ਰਹੀ ਸੀ, ਜਿਸ 'ਚ ਇਸ ਦੀ ਵਰਤੋਂ ਦਾ ਸਮਾਂ 2 ਜੂਨ 2017 ਤੋਂ 2 ਅਕਤੂਬਰ 2017 ਤੱਕ ਸੀ ਪਰ 24 ਅਕਤੂਬਰ ਨੂੰ ਇਸ ਨੂੰ ਯਾਤਰੀਆਂ 'ਚ ਵੰਡਿਆ ਜਾ ਰਿਹਾ ਸੀ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਜਦੋਂ ਸਟਾਫ ਨੂੰ ਕਿਹਾ ਤਾਂ ਉਹ ਕੋਈ ਸਹੀ ਜਵਾਬ ਨਾ ਦੇ ਸਕੇ। ਸ਼ਿਕਾਇਤ ਪੱਤਰ ਨਾ ਦੇਣ ਤੋਂ ਬਾਅਦ ਯਾਤਰੀਆਂ ਵੱਲੋਂ  ਆਈ. ਆਰ. ਸੀ. ਟੀ. ਸੀ. 'ਚ ਆਨਲਾਈਨ ਸ਼ਿਕਾਇਤ ਜਮ੍ਹਾ ਕਰਵਾਈ ਗਈ। ਉਨ੍ਹਾਂ ਨੇ ਕਿਹਾ ਕਿ ਰੇਲ ਵਿਭਾਗ ਵੱਲੋਂ ਯਾਤਰੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮਹਿਕਮੇ ਦੇ ਉੱਚ ਅਧਿਕਾਰੀਆਂ ਕੋਲੋਂ ਮਾਮਲੇ ਦੀ ਜਾਂਚ ਕਰਵਾਉਣ ਅਤੇ ਦੋਸ਼ੀ ਵਿਅਕਤੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।