ਰੇਲ ਲਾਈਨ ''ਤੇ ਹੋਇਆ ਹਾਈ ਵੋਲਟੇਜ ਡਰਾਮਾ, 2 ਘੰਟੇ ਪਰੇਸ਼ਾਨ ਹੁੰਦੇ ਰਹੇ ਲੋਕ

02/22/2018 3:31:30 PM

ਤਪਾ ਮੰਡੀ (ਢੀਂਗਰਾ) — ਵੀਰਵਾਰ ਦੁਪਹਿਰ ਤਪਾ ਰੇਲਵੇ ਸਟੇਸ਼ਨ ਨੇੜੇ ਰੇਲ ਲਾਇਨ 'ਤੇ ਹੋਏ ਹਾਈ ਵੋਲਟੇਜ ਡਰਾਮੇ ਨੇ ਕਈ ਲੋਕਾਂ ਨੂੰ ਕਰੀਬ ਦੋ ਘੰਟੇ ਲਈ ਪਰੇਸ਼ਾਨ ਕਰਕੇ ਰੱਖ ਦਿੱਤਾ। ਜਾਣਕਾਰੀ ਮੁਤਾਬਕ ਇਕ ਰੇਲ ਮਾਲ ਗੱਡੀ ਨੰਬਰ ਡੀ.ਐੱਨ ਐੱਸ.ਐੱਨ.ਐੱਲ, ਜੋ ਬੀਕਾਨੇਰ ਤੋ ਅੰਬਾਲਾ ਜਾ ਰਹੀ ਸੀ ਨੂੰ ਤਪਾ ਰੇਲਵੇ ਸਟੇਸ਼ਨ ਕਰੋਸ ਕਰਨ ਲਈ ਬਿਨਾਂ ਰੁਕਾਵਟ ਹਰਾ ਸਿੰਗਨਲ ਮਿਲਿਆ ਪਰ ਟਰੇਨ ਦੇ ਡਰਾਇਵਰ ਦਿਨੇਸ਼ ਕੁਮਾਰ ਨੇ ਰੇਲ ਗੱਡੀ ਤਪਾ ਰੇਲਵੇ ਸਟੇਸ਼ਨ ਦੇ ਨਾਲ ਲਗਦੇ ਦਰਾਜ ਫਾਟਕ ਸੀ. 102 ਦੇ ਪਿੱਛੇ ਰੋਕ ਦਿੱਤੀ। ਲੋਕਾਂ ਦਾ ਫਾਟਕ ਦੇ ਦੋਨਾਂ ਸਾਇਡਾ 'ਤੇ ਜਾਮ ਲਗ ਗਿਆ ਅਤੇ ਲੋਕ ਇਹ ਹੀ ਸੋਚਦੇ ਰਹੇ ਕਿ ਸ਼ਾਇਦ ਕਿਸੇ ਤਕਨੀਕੀ ਖਰਾਬੀ ਕਾਰਨ ਗੱਡੀ ਅੱਗੇ ਨਹੀ ਜਾ ਰਹੀ।
ਜਦੋ ਜਾਮ 'ਚ ਫਸੇ ਵਿਅਕਤੀ ਨੇ ਜਾ ਕੇ ਰੇਲ ਦੇ ਡਰਾਇਵਰ ਨੂੰ ਗੱਡੀ ਰੋਕੇ ਜਾਣ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਲਗਾਤਾਰ 48 ਘੰਟਿਆਂ ਤੋਂ ਬਿਨਾਂ ਸੁੱਤੇ ਗੱਡੀ ਚਲਾ ਰਿਹਾ ਹੈ ਅਤੇ ਇਸ ਸੰਬਧੀ ਉਸਨੇ ਆਪਣੇ ਅਧਿਕਾਰੀਆਂ ਨੂੰ ਲਿਖਤੀ ਤੌਰ 'ਤੇ ਵੀ ਦੱਸ ਦਿੱਤਾ ਹੈ ਪਰ ਉਸਨੂੰ ਬਿਨ੍ਹਾਂ ਰੂਕੇ ਬਠਿੰਡਾ ਭੂਚੋ ਰਾਮਪੂਰਾ ਫੂਲ ਤੋਂ ਕੱਢਕੇ ਇਹ ਕਹਿ ਦਿੱਤਾ ਗਿਆ ਕਿ ਗੱਡੀ ਨੂੰ ਤਪਾ ਰੇਲਵੇ ਸਟੇਸ਼ਨ 'ਤੇ ਰੋਕ ਦਿੱਤਾ ਜਾਵੇਗਾ ਪਰ ਜਦੋਂ ਉਸ ਨੇ ਤਪਾ ਰੇਲਵੇ ਸਟੇਸ਼ਨ ਵਿਖੇ ਵੀ ਬਿਨਾਂ ਰੁਕਾਵਟ ਸਿੰਗਨਲ ਦੇਖਿਆ ਤਾਂ ਉਸਨੂੰ ਇਹ ਦੇਖ ਕੇ ਬਹੁਤ ਮਾਨਸਿਕ ਪਰੇਸ਼ਾਨੀ ਹੋਈ ਕਿਉਕਿ ਨੀਂਦ ਆਉਣ ਕਾਰਨ ਕੀਤੇ ਵੀ ਗੱਡੀ ਦਾ ਐਕਸੀਡੈਟ ਹੋ ਸਕਦਾ ਸੀ। ਰੇਲ ਚਾਲਕ ਦਿਨੇਸ਼ ਕੁਮਾਰ ਨੇ ਇਸ ਸੰਬਧੀ ਆਪਣਾ ਭੇਜਿਆ ਗਿਆ ਲਿਖਤ ਸੰਦੇਸ਼ ਵੀ ਦਖਾਇਆ। 
ਦੂਜੇ ਪਾਸੇ ਜਦੋਂ ਇਸ ਸੰਬੰਧੀ ਤਪਾ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਉਹ ਹੀ ਕੀਤਾ ਹੈ, ਜੋ ਕੰਟਰੋਲਰ ਆਫ ਰੇਲਵੇ ਅੰਬਾਲਾ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ। ਜਦੋਂ ਇਸ ਸੰਬੰਧੀ ਮੈਨੇਜਰ ਆਪਰੇਸ਼ਨ ਅੰਬਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਗੱਡੀ ਨੂੰ ਵਿਚਾਲੇ ਰੋਕਣਾ ਰੇਲਵੇ ਕਾਨੂੰਨ ਅਨੁਸਾਰ ਅਪਰਾਧ ਹੈ। ਇਸ ਲਈ ਰੇਲ ਦੇ ਡਰਾਇਵਰ ਅਤੇ ਸਹਾਇਕ ਖਿਲਾਫ ਬਣਦੀ ਕਾਰਵਾਈ ਲਈ ਰੇਲਵੇ ਦੇ ਬਡੋਦਾ ਹਾਊਸ ਨੂੰ ਲਿਖ ਦਿੱਤਾ ਗਿਆ ਹੈ ਅਤੇ ਚਾਲਕ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਅੰਬਾਲਾ ਗੱਡੀ ਨੂੰ ਰੋਕ ਕੇ ਦਿੱਲੀ ਬਡੋਦਾ ਹਾਊਸ ਵਿਖੇ ਰਿਪੋਰਟ ਕਰੇ।
ਬੇਸ਼ਕ ਰੇਲਵੇ ਦਾ ਇਹ ਅੰਦਰੂਨੀ ਮਾਮਲਾ ਸੀ ਪਰ ਰੇਲ ਫਾਟਕ 102ਸੀ ਅਤੇ 103ਸੀ ਤੇ ਦੋਹਾਂ ਪਾਸੇ ਗੱਡੀਆਂ ਦੀਆਂ ਪੰਜ-ਪੰਜ ਕਿਲੋਮੀਟਰ ਦੂਰ ਤਕ ਲਾਇਨਾ ਲੱਗ ਗਈਆਂ। ਰੇਲਵੇ ਗੇਟਮੈਨ ਦਾ ਕਹਿਣਾ ਸੀ ਕਿ ਹਰਾ ਸਿੰਗਨਲ ਹੋਣ ਕਾਰਨ ਗੇਟ ਆਟੋਲੋਕ ਹੋ ਜਾਂਦਾ ਹੈ ਅਤੇ ਉਹ ਗੇਟ ਨਹੀ ਖੋਲ ਸਕਦੇ।