ਰੇਲ ਕੋਚ ਫੈਕਟਰੀ ਦੇ ਬਾਸਕਟਬਾਲ ਖਿਡਾਰੀ ਸਾਹਿਲ ਦੀ ਭਾਰਤੀ ਟੀਮ ਲਈ ਚੋਣ

02/20/2020 2:16:52 AM

ਕਪੂਰਥਲਾ (ਮੱਲੀ)- ਰੇਲ ਕੋਚ ਫੈਕਟਰੀ ਦੇ ਬਾਸਕਟਬਾਲ ਖਿਡਾਰੀ ਸਾਹਿਲ ਨੂੰ 21 ਫਰਵਰੀ 2020 ਤੋਂ ਬਹਿਰੀਨ 'ਚ ਆਯੋਜਿਤ ਕੀਤੇ ਜਾਣ ਵਾਲੇ ਫੀਬਾ ਏਸ਼ੀਆ ਕੱਪ ਕੁਆਲੀਫਾਇੰਗ ਰਾਊਂਡ 'ਚ ਭਾਗ ਲੈਣ ਵਾਲੀ ਭਾਰਤ ਦੀ ਬਾਸਕਟਬਾਲ ਟੀਮ 'ਚ ਚੁਣਿਆ ਗਿਆ ਹੈ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ ਬਹਿਰੀਨ ਦੇ ਈਸਾ ਟਾਊਨ ਦੀ ਖਲੀਫਾ ਸਪੋਰਟਸ ਸਿਟੀ 'ਚ 21 ਫਰਵਰੀ ਨੂੰ ਸ਼ੁਰੂ ਹੋਵੇਗਾ। ਇਸ ਟੂਰਨਾਮੈਂਟ 'ਚ 24 ਟੀਮਾਂ ਭਾਗ ਲੈਣਗੀਆਂ ਤੇ ਇਨ੍ਹਾਂ ਟੀਮਾਂ ਨੂੰ 6 ਗਰੁੱਪਾਂ 'ਚ ਵੰਡਿਆ ਗਿਆ ਹੈ। ਭਾਰਤ ਦੇ ਗੁਰੱਪ 'ਚ ਬਹਿਰੀਨ ਤੋਂ ਇਲਾਵਾ ਇਰਾਕ 'ਚ ਲਿਬਨਾਨ ਦੀਆਂ ਟੀਮਾਂ ਵੀ ਸ਼ਾਮਲ ਹਨ।
ਸਾਹਿਲ ਨੇ ਆਰ. ਸੀ. ਐੱਫ. ਲਈ ਬਾਸਕਟਬਾਲ ਖੇਡਣਾ ਸਾਲ 2018 'ਚ ਸ਼ੁਰੂ ਕੀਤਾ ਸੀ ਤੇ ਮੁੱਖ ਕੋਚ ਰਾਮ ਕੁਮਾਰ, ਧਿਆਨ ਚੰਦ ਐਵਾਰਡੀ ਤੇ ਕੋਚ ਬਲਬੀਰ ਸਿੰਘ ਰਾਠੌੜ ਦੇ ਮਾਰਗਦਰਸ਼ਨ 'ਚ ਆਪਣੀ ਗੇਮ ਨੂੰ ਨਿਖਾਰਿਆ। ਦਸੰਬਰ 2019 'ਚ ਲੁਧਿਆਣਾ 'ਚ ਆਯੋਜਿਤ ਕੀਤੀ ਗਈ ਸੀਨੀਅਰ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ 'ਚ ਭਾਰਤੀ ਰੇਲ ਦੀ ਟੀਮ ਦੀ ਪ੍ਰਤੀਨਿਧਤਾ ਕਰਦੇ ਹੋਏ ਫਾਰਵਰਡ ਖਿਡਾਰੀ ਸਾਹਿਲ ਨੇ ਸ਼ਾਨਦਾਰ ਖੇਡ ਦਿਖਾਈ ਤੇ ਇਕ ਵਾਰ ਫਿਰ ਭਾਰਤੀ ਟੀਮ 'ਚ ਜਗ੍ਹਾ ਬਣਾਈ। ਚੈਂਪੀਅਨਸ਼ਿਪ 'ਚ ਸਾਹਿਲ ਨੇ ਕਰਨਾਟਕ ਖਿਲਾਫ ਖੇਡਦੇ ਹੋਏ 23 ਅੰਕਾਂ ਦਾ ਟਾਪ ਸਕੋਰ ਕੀਤਾ ਸੀ। ਇਸੇ ਚੈਂਪੀਅਨਸ਼ਿਪ 'ਚ ਆਰ. ਸੀ. ਐੱਫ. ਦੇ ਹੀ ਰਾਜਨ ਸ਼ਰਮਾ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਭਾਰਤੀ ਕੈਂਪ 'ਚ ਜਗ੍ਹਾ ਬਣਾਈ ਸੀ। ਉਸ ਨੂੰ ਹੁਣ ਭਾਰਤ ਦੀ ਬਾਸਕਟਬਾਲ ਟੀਮ (ਥ੍ਰੀ ਆਨ ਥ੍ਰੀ) 'ਚ ਚੁਣਿਆ ਗਿਆ ਹੈ।

Gurdeep Singh

This news is Content Editor Gurdeep Singh