ਇਸ ਟਰੇਨ 'ਚ ਯਾਤਰੀਆਂ ਨੂੰ LCD ਦੇ ਨਾਲ ਮਿਲਣਗੀਆਂ ਇਹ ਲਗਜ਼ਰੀ ਸਹੂਲਤਾਂ

01/09/2018 3:42:08 PM

ਕਪੂਰਥਲਾ— ਤੇਜਸ ਟਰੇਨ ਦੇ ਆਧੁਨਿਕ ਕੋਚ ਬਣਾਉਣ ਵਾਲੀ ਕਪੂਰਥਲਾ ਦੀ ਰੇਲ ਕੋਚ ਫੈਕਟਰੀ (ਆਰ.ਸੀ.ਐੱਫ) ਹਮਸਫਰ, ਅੰਤਯੋਦਿਅ ਤੋਂ ਬਾਅਦ ਹੁਣ ਡਬਲ ਡੇਕਰ ਏ. ਸੀ. ਟਰੇਨ 'ਉਦੈ ਐਕਸਪ੍ਰੈੱਸ' ਦੇ ਡੱਬੇ ਵੀ ਤਿਆਰ ਕਰੇਗੀ। ਇਹ ਪ੍ਰਾਜੈਕਟ ਜਨਵਰੀ ਦੇ ਅਖੀਰ ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ। ਰੇਲ ਕੋਚ ਫੈਕਟਰੀ ਦੇ ਸੀਨੀਅਰ ਜਨ ਸੰਪਰਕ ਅਧਿਕਾਰੀ ਮਨਜੀਤ ਸਿੰਘ ਨੇ ਕਿਹਾ ਕਿ ਮਈ ਤੱਕ ਡੱਬੇ ਤਿਆਰ ਹੋਣ ਦੇ ਬਾਅਦ ਜੁਲਾਈ 'ਚ 'ਉਦੈ ਐਕਸਪ੍ਰੈੱਸ' ਪੱਟੜੀ 'ਤੇ ਵੀ ਦੌੜਨ ਲੱਗੇਗੀ। ਇਸ ਟਰੇਨ ਦੀ ਖਾਸੀਅਤ ਇਹ ਹੈ ਕਿ ਇਸ ਦਾ ਕਿਰਾਇਆ ਘੱਟ ਹੋਵੇਗਾ ਅਤੇ ਲਗਜ਼ਰੀ ਸਹੂਲਤਾਂ ਵੀ ਮਿਲਣਗੀਆਂ। ਹਰ ਡੱਬੇ 'ਚ ਵੱਡੀ ਐੱਲ. ਸੀ. ਡੀ. ਸਕ੍ਰੀਨ, ਗਰਮ ਭੋਜਨ ਕਰਨ ਦੀ ਸਹੂਲਤ, ਵਾਈ-ਫਾਈ ਅਤੇ ਬਾਯੋ ਟਾਇਲਟ ਵਰਗੇ ਮਾਡਰਨ ਸੈੱਟਅਪ ਵੀ ਹੋਣਗੇ। ਇਹ ਟਰੇਨ ਰਾਤ ਭਰ ਦੀ ਯਾਤਰਾ ਕਰਨ ਵਾਲਿਆਂ ਲਈ ਇਕ ਸਪੈਸ਼ਲ ਕੈਟੇਗਿਰੀ ਦੀ ਸਰਵਿਸ ਦੇ ਨਾਲ-ਨਾਲ ਸਸਤੀ ਵੀ ਹੋਵੇਗੀ। 
ਇਸ ਟਰੇਨ 'ਚ ਏਅਰ ਲਾਈਂਸ ਦੀ ਤਰ੍ਹਾਂ ਆਰਾਮ ਨਾਲ ਬੈਠਣ ਲਈ ਹਰ ਕੋਚ 'ਚ 120 ਸੀਟਾਂ ਹੋਣਗੀਆਂ। ਸੀਟ 'ਤੇ ਮੋਬਾਇਲ ਚਾਰਜ ਦੀ ਸਹੂਲਤ ਵੀ ਹੋਵੇਗੀ। ਏ. ਸੀ. ਕੋਚ 'ਚ ਆਟੋਮੈਟਿਡ ਮਸ਼ੀਨਾਂ ਨਾਲ ਯਾਤਰੀਆਂ ਨੂੰ ਖਾਣਾ, ਚਾਹ, ਕੋਲਡਡ੍ਰਿੰਕ, ਆਦਿ ਦੇ ਲਈ ਵੈਂਡਿੰਗ ਮਸ਼ੀਨ ਅਤੇ ਆਟੋਮੈਟਿਡ ਫੂਡ ਮਸ਼ੀਨ ਵੀ ਹੋਵੇਗੀ। ਨਿਯਮਿਤ ਮੇਲ ਐਕਸਪ੍ਰੈੱਸ ਟਰੇਨਾਂ 'ਚ 3 ਏ. ਸੀ. ਸ਼੍ਰੇਣੀ ਦੀ ਤੁਲਨਾ 'ਚ ਇਸ ਦਾ ਕਿਰਾਇਆ ਘੱਟ ਹੋਵੇਗਾ। ਇਸ ਟਰੇਨ 'ਚ ਹੋਰ ਟਰੇਨਾਂ ਦੀ ਤੁਲਨਾ 'ਚ 40 ਫੀਸਦੀ ਵੱਧ ਯਾਤਰੀਆਂ ਨੂੰ ਲਿਜਾਣ ਦੀ ਸਹੂਲਤ ਹੋਵੇਗੀ, ਜਿਸ ਨਾਲ ਵੱਧ ਮੰਗ ਵਾਲੇ ਮਾਰਗਾਂ 'ਤੇ ਭੀੜ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਕੋਚ ਤਿਆਰ ਹੋਣ ਤੋਂ ਬਾਅਦ ਉਦੈ ਐਕਸਪ੍ਰੈੱਸ ਟਰੇਨ ਦਿੱਲੀ-ਲਖਨਊ ਵਰਗੇ ਵੱਧ ਮੰਗ ਵਾਲੇ ਮਾਰਗਾਂ 'ਤੇ ਚੱਲੇਗੀ। ਇਹ ਟਰੇਨ ਰੁੱਝੇ ਰਹਿਣ ਵਾਲੇ ਮਾਰਗਾਂ 'ਤੇ 110 ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਨਾਲ ਚੱਲਣ ਦੀ ਉਮੀਦ ਹੈ।